ਸੱਤਾ ’ਚ ਆਉਣ ’ਤੇ ਆਸਾਮ ’ਚ ਨਾਗਰਿਕਤਾ ਸੋਧ ਕਾਨੂੰਨ ਖਤਮ ਕਰਨ ਦਾ ਬਣੇਗਾ ਕਾਨੂੰਨ : ਰਾਹੁਲ

Wednesday, Mar 31, 2021 - 11:17 AM (IST)

ਸੱਤਾ ’ਚ ਆਉਣ ’ਤੇ ਆਸਾਮ ’ਚ ਨਾਗਰਿਕਤਾ ਸੋਧ ਕਾਨੂੰਨ ਖਤਮ ਕਰਨ ਦਾ ਬਣੇਗਾ ਕਾਨੂੰਨ : ਰਾਹੁਲ

ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇਸ਼ਵਾਸੀਆਂ ’ਤੇ ਘਾਤਕ ਹਮਲਾ ਹੈ ਅਤੇ ਉਨ੍ਹਾਂ ਦੀ ਪਾਰਟੀ ਆਸਾਮ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਵਿਚ ਆਉਣ ’ਤੇ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਵੇਗੀ।
ਰਾਹੁਲ ਨੇ ਮੰਗਲਵਾਰ ਟਵੀਟ ਕੀਤਾ–‘‘ਸੀ. ਏ. ਏ. ਆਸਾਮ ’ਤੇ ਹਮਲਾ ਹੈ, ਭਾਸ਼ਾ ’ਤੇ, ਵਿਚਾਰਾਂ ’ਤੇ, ਇਤਿਹਾਸ ’ਤੇ, ਸੱਭਿਅਤਾ ’ਤੇ ਹਮਲਾ ਕਰਨ ਦਾ ਮਾਧਿਅਮ ਹੈ। ਇਹ ਅਸੀਂ ਕਦੇ ਨਹੀਂ ਹੋਣ ਦੇਵਾਂਗੇ। ਸਰਕਾਰ ਬਣਾਉਣ ਤੋਂ ਬਾਅਦ ਅਸੀਂ ਆਸਾਮ ਵਿਚ ਕਾਨੂੰਨ ਬਣਾਵਾਂਗੇ ਅਤੇ ਸੀ. ਏ. ਏ. ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਇਹ ਕਾਨੂੰਨ ਆਸਾਮ ਦੀ ਸੱਭਿਅਤਾ, ਇਤਿਹਾਸ ਅਤੇ ਉੱਥੋਂ ਦੇ ਲੋਕਾਂ ਦੀ ਸੋਚ ਦੇ ਉਲਟ ਹੈ।’’

ਉਨ੍ਹਾਂ ਕਿਹਾ ਕਿ ਕੇਂਦਰ ਵਿਚ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿਚ ਆਈ ਹੈ, ਅੱਜ ਤਕ ਚਾਹ ਦੇ ਬਾਗਾਂ ਦੇ ਮਜ਼ਦੂਰਾਂ ਸਮੇਤ ਕਰੋੜਾਂ ਦਿਹਾੜੀਦਾਰ ਮਜ਼ਦੂਰਾਂ ਲਈ ਕੁਝ ਨਹੀਂ ਕੀਤਾ ਗਿਆ। ਅੱਜ ਜਦੋਂ ਆਸਾਮ ਵਿਧਾਨ ਸਭਾ ਚੋਣਾਂ ਨੇੜੇ ਹਨ ਤਾਂ ਮੋਦੀ ਸਰਕਾਰ ਚਾਹੁੰਦੀ ਹੈ ਕਿ ਲੋਕ ਉਨ੍ਹਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਕਰਨ। ਉਨ੍ਹਾਂ ਕਿਹਾ ਕਿ ਜੁਮਲਿਆਂ ਤੇ ਤਰੱਕੀ ਦਾ ਆਪਸ ’ਚ ਕੋਈ ਸਬੰਧ ਨਹੀਂ, ਇਹ ਗੱਲ ਜਨਤਾ ਸਮਝ ਗਈ ਹੈ। ਅਸੀਂ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਸਪਸ਼ਟ ਕੀਤਾ ਸੀ ਕਿ ਅਸੀਂ ਜੋ ਵਾਅਦੇ ਕਰਾਂਗੇ, ਉਨ੍ਹਾਂ ਨੂੰ ਪੂਰਾ ਕਰ ਕੇ ਦਿਖਾਵਾਂਗੇ। ਇਹ ਵਾਅਦੇ ਖੋਖਲੇ ਨਹੀਂ ਹੋਣਗੇ। ਛੱਤੀਸਗੜ੍ਹ ਵਿਚ ਅਸੀਂ ਕਰਜ਼ਾ-ਮੁਆਫੀ ਕਰ ਕੇ ਦਿਖਾਈ।

ਉਨ੍ਹਾਂ ਨੋਟਬੰਦੀ ਦੇ ਮਾਮਲੇ ’ਚ ਵੀ ਸਰਕਾਰ ’ਤੇ ਹਮਲਾ ਕੀਤਾ ਅਤੇ ਕਿਹਾ ਕਿ ਭਾਜਪਾ ਨੇ ਨੋਟਬੰਦੀ ਤੇ ਜੀ. ਐੱਸ. ਟੀ. ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਬਰਬਾਦ ਕਰ ਦਿੱਤਾ ਹੈ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਰਿਆਂ ਦੀ ਜੇਬ ’ਚੋਂ ਪੈਸਾ ਕਢਵਾ ਕੇ ਅਰਥਵਿਵਸਥਾ ਨਹੀਂ ਚੱਲ ਸਕਦੀ।


author

Rakesh

Content Editor

Related News