ਭਾਰਤ 'ਚ ਪਹਿਲੀ ਵਾਰ ਬਣਨਗੇ ਫ਼ੌਜੀ ਜਹਾਜ਼ C-295, ਜਾਣੋ ਖ਼ਾਸੀਅਤ
Tuesday, Oct 29, 2024 - 01:35 PM (IST)
 
            
            ਨਵੀਂ ਦਿੱਲੀ/ਵਡੋਦਰਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸਪੇਨ ਦੇ ਹਮਰੁਤਬਾ ਪੇਡਰੋ ਸਾਂਚੇਜ਼ ਨੇ ਸੋਮਵਾਰ ਵਡੋਦਰਾ ’ਚ ‘ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (ਟੀ. ਏ. ਐੱਸ. ਐੱਲ.)-ਏਅਰ ਬੱਸ’ ਕੇਂਦਰ ਦਾ ਉਦਘਾਟਨ ਕੀਤਾ ਜਿੱਥੇ ਸੀ-295 ਫੌਜੀ ਹਵਾਈ ਜਹਾਜ਼ਾਂ ਦਾ ਨਿਰਮਾਣ ਕੀਤਾ ਜਾਵੇਗਾ। ਟਾਟਾ-ਏਅਰ ਬੱਸ ਭਾਰਤ ਦਾ ਪਹਿਲਾ ਅਜਿਹਾ ਨਿੱਜੀ ਕੇਂਦਰ ਹੋਵੇਗਾ ਜਿੱਥੇ ਫੌਜੀ ਹਵਾਈ ਜਹਾਜ਼ਾਂ ਦੇ ਪੁਰਜ਼ਿਆਂ ਦਾ ਕੰਮ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਹੂਲਤ ਨਾ ਸਿਰਫ਼ ਭਾਰਤ-ਸਪੇਨ ਸਬੰਧਾਂ ਨੂੰ ਮਜ਼ਬੂਤ ਕਰੇਗੀ ਸਗੋਂ ਸਾਡੇ ‘ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ’ ਮਿਸ਼ਨ ਨੂੰ ਵੀ ਹੁਲਾਰਾ ਦੇਵੇਗੀ। ਪਲਾਂਟ ’ਚ ਤਿਆਰ ਕੀਤੇ ਗਏ ਹਵਾਈ ਜਹਾਜ਼ਾਂ ਨੂੰ ਭਵਿੱਖ ’ਚ ਬਰਾਮਦ ਵੀ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਵਿ-ਨਿਰਮਾਣ ਦੀ ਸਹੂਲਤ ਨਾਲ ਬਣਾਇਆ ਗਿਆ ਈਕੋ ਸਿਸਟਮ ਭਵਿੱਖ ’ਚ ਸਿਵਲ ਏਅਰਕ੍ਰਾਫਟ ਬਣਾਉਣ ’ਚ ਵੀ ਭਾਰਤ ਦੀ ਮਦਦ ਕਰੇਗਾ। ਸੀ-295 ਹਵਾਈ ਜਹਾਜ਼ਾਂ ਦੇ ਨਿਰਮਾਣ ਲਈ ਇਹ ਫੈਕਟਰੀ ਭਾਰਤ ਦੇ ਨਵੇਂ ਕਾਰਜ ਸੱਭਿਆਚਾਰ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿੱਜੀ ਖੇਤਰ ਦੀ ਭਾਈਵਾਲੀ, ਜਨਤਕ ਖੇਤਰ ਨੂੰ ਸੁਚਾਰੂ ਬਣਾਉਣ, ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ’ਚ 2 ਨਵੇਂ ਰੱਖਿਆ ਗਲਿਆਰੇ ਵਿਕਸਿਤ ਕਰਨ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਨੂੰ ਮਜ਼ਬੂਤ ਕਰਨ ਵਰਗੇ ਕਈ ਅਹਿਮ ਕਦਮਾਂ ਕਾਰਨ ਭਾਰਤ ’ਚ ਈਕੋਸਿਸਟਮ ਵਿਕਸਿਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ 5-6 ਸਾਲਾਂ ’ਚ ਹੀ ਭਾਰਤ ’ਚ ਕਰੀਬ 1000 ਨਵੇਂ ਰੱਖਿਆ ਸਟਾਰਟਅੱਪ ਬਣੇ ਹਨ। ਪਿਛਲੇ 10 ਸਾਲਾਂ ’ਚ ਭਾਰਤ ਦੀ ਰੱਖਿਆ ਬਰਾਮਦ ’ਚ 30 ਗੁਣਾ ਵਾਧਾ ਹੋਇਆ ਹੈ। ਅੱਜ ਅਸੀਂ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਨੂੰ ਰੱਖਿਆ ਉਪਕਰਨ ਭੇਜ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਖ-ਵੱਖ ਏਅਰਲਾਈਨ ਕੰਪਨੀਆਂ ਨੇ ਪੂਰੀ ਦੁਨੀਆ ’ਚ 1,200 ਨਵੇਂ ਹਵਾਈ ਜਹਾਜ਼ਾਂ ਦੀ ਖਰੀਦ ਦੇ ਆਰਡਰ ਦਿੱਤੇ ਹਨ। ਭੱਵਿਖ ’ਚ ਸ਼ਾਇਦ ਵਿਦੇਸ਼ੀ ਏਅਰਲਾਈਨ ਕੰਪਨੀਆਂ ਕਿਸੇ ਵੀ ਦੇਸ਼ ਤੋਂ ਆਰਡਰ ਨਹੀਂ ਲੈ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਭਵਿੱਖ ’ਚ ਇਹ ਫੈਕਟਰੀ ਡਿਜ਼ਾਈਨ ਤੋਂ ਲੈ ਕੇ ਨਿਰਮਾਣ ਤੱਕ ਭਾਰਤ ਤੇ ਦੁਨੀਆ ਦੀਆਂ ਲੋੜਾਂ ਨੂੰ ਪੂਰਾ ਕਰਨ ’ਚ ਵੱਡੀ ਭੂਮਿਕਾ ਨਿਭਾਏਗੀ। ਭਾਰਤ ਅਤੇ ਸਪੇਨ ਵਿਚਾਲੇ ਭਾਈਵਾਲੀ ਜ਼ਿੰਦਾ ਹੈ । ਦੋਵਾਂ ਦੇਸ਼ਾਂ ਦੇ ਲੋਕ ‘ਭੋਜਨ, ਫਿਲਮਾਂ ਅਤੇ ਫੁੱਟਬਾਲ’ ਰਾਹੀਂ ਜੁੜੇ ਹੋਏ ਹਨ।
ਸਾਂਚੇਜ਼ ਨੇ ਕਿਹਾ ਕਿ ਪਹਿਲਾ ਜਹਾਜ਼ 2026 ’ਚ ਉਡਾਣ ਭਰਨ ਲਈ ਤਿਆਰ ਹੋਵੇਗਾ। ਨਿੱਜੀ ਕੇਂਦਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਤੇ ਸਾਂਚੇਜ਼ ਨੇ ਸਵੇਰੇ ਹਵਾਈ ਅੱਡੇ ਤੋਂ ‘ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ’ ਤੱਕ 2.5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਇਕ ਰੋਡ ਸ਼ੋਅ ਦੀ ਅਗਵਾਈ ਕੀਤੀ। ਇਸ ਮੌਕੇ ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਾਲ ਵਾਅਦਾ ਕੀਤਾ ਕਿ ਪਹਿਲਾ ਸਵਦੇਸ਼ੀ ਜਹਾਜ਼ 2 ਸਾਲਾਂ ’ਚ ਤਿਆਰ ਹੋ ਜਾਵੇਗਾ।
C-295 ਟਰਾਂਸਪੋਰਟ ਏਅਰਕ੍ਰਾਫਟ ਦੀਆਂ ਖ਼ਾਸੀਅਤਾਂ
-ਏਅਰਬਸ ਦੀ ਨਵੀਂ ਪੀੜ੍ਹੀ ਦਾ C-295 ਹਵਾਈ ਫ਼ੌਜ ਦੀਆਂ ਜ਼ਰੂਰਤਾਂ ਮੁਤਾਬਕ ਭਰੋਸੇਮੰਦ ਅਤੇ  ਟ੍ਰਾਂਸਪੋਰਟ ਜਹਾਜ਼ ਹੈ। 
-ਇਹ ਫੌਜੀਆਂ ਦੇ ਟਰਾਂਸਪੋਰਟ, ਰਸਦ, ਬਚਾਅ ਅਤੇ ਸਹਾਇਤਾ ਮਿਸ਼ਨ ਦੇ ਸੰਚਾਲਨ ਤੱਕ ਬਹੁ-ਕਾਰਜਸ਼ੀਲ ਭੂਮਿਕਾਵਾਂ ਲਈ ਡਿਜ਼ਾਈਨ ਕੀਤਾ ਗਿਆ ਹੈ।
-C-295 ਦੇ ਨਾਮ 'ਚ "C" ਬਣਾਉਣ ਵਾਲੀ ਸਪੇਨ ਦੀ ਕੰਪਨੀ CASA ਦੀ ਨੁਮਾਇੰਦਗੀ ਕਰਦਾ ਹੈ। ''2'' ਇਸ ਦੇ ਦੋ ਇੰਜਣਾਂ ਨੂੰ ਦਰਸਾਉਂਦਾ ਹੈ ਅਤੇ ''95'' 9.5 ਟਨ ਦੀ ਪੇਲੋਡ ਸਮਰੱਥਾ ਨੂੰ ਦਰਸਾਉਂਦਾ ਹੈ।
-ਇਹ ਰਣਨੀਤਕ ਏਅਰਲਿਫਟ ਏਅਰਕ੍ਰਾਫਟ ਦਿਨ ਅਤੇ ਰਾਤ ਦੋਵੇਂ ਤਰ੍ਹਾਂ ਦੇ ਮੌਸਮ ਵਿੱ-ਚ ਉਡਾਣ ਭਰਨ ਦੇ ਸਮਰੱਥ ਹੈ।
-ਇਹ ਛੋਟੀਆਂ ਅਤੇ ਘੱਟ ਵਿਕਸਿਤ ਹਵਾਈ ਪੱਟੀਆਂ 'ਤੇ ਵੀ ਉਡਾਣ ਭਰਨ ਦੇ ਸਮਰੱਥ ਹੈ ਜਿਸ ਨਾਲ ਹਵਾਈ ਸੈਨਾ ਨੂੰ ਰਣਨੀਤਕ ਲਾਭ ਮਿਲੇਗਾ।
-ਇਹ ਜਹਾਜ਼ HS-748 Avro AC ਦੀ ਥਾਂ ਲਵੇਗਾ ਜੋ ਲਗਭਗ 60 ਸਾਲ ਪਹਿਲਾਂ ਹਵਾਈ ਸੈਨਾ 'ਚ ਸ਼ਾਮਲ ਕੀਤਾ ਗਿਆ ਸੀ।
-ਇਹ ਵਿਸ਼ੇਸ਼ ਤੌਰ 'ਤੇ ਏਅਰਲਿਫਟ ਸੰਚਾਲਨ ਲਈ ਵਰਤਿਆ ਜਾਂਦਾ ਹੈ। ਜਹਾਜ਼ 'ਚ ਆਧੁਨਿਕ ਤਕਨਾਲੋਜੀ ਅਤੇ ਐਵੀਓਨਿਕਸ ਹਨ।
-ਇਸ ਵਿਚ ਪ੍ਰੈਟ ਐਂਡ ਵਿਟਨੀ ਕੈਨੇਡਾ ਕੰਪਨੀ ਦਾ ਵਧੇਰੇ ਸ਼ਕਤੀਸ਼ਾਲੀ PW100 ਇੰਜਣ ਹੈ, ਇਸ ਦੀ ਸਮਰੱਥਾ 2,645 hp ਹੈ।
-ਇਸ ਵਿਚ ਇਕ ਨਵਾਂ ਪ੍ਰੋਪੈਲਰ ਅਤੇ ਇਕ ਮੁੜ ਡਿਜ਼ਾਈਨ ਕੀਤਾ ਵਿੰਗ ਵੀ ਹੈ, ਜੋ ਇਸ ਦੀ ਕਾਰਗੁਜ਼ਾਰੀ ਨੂੰ ਵਧਾਉਂਦਾ ਹੈ।
-ਇਸ ਜਹਾਜ਼ ਨੇ ਚਾਡ, ਇਰਾਕ ਅਤੇ ਅਫਗਾਨਿਸਤਾਨ ਦੇ ਖੇਤਰਾਂ ਸਮੇਤ ਚੁਣੌਤੀਪੂਰਨ ਮਾਹੌਲ 'ਚ ਆਪਣੀ ਭਰੋਸੇਯੋਗਤਾ ਅਤੇ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।
-ਇਹ 260 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਕਰੂਜ਼ ਸਪੀਡ ਨਾਲ ਸੈਨਿਕਾਂ ਨੂੰ ਲਿਜਾਣ ਦੇ ਸਮਰੱਥ ਹੈ।
-ਜਹਾਜ਼ ਵਿਚ ਇਕ ਏਅਰ ਰਿਫਿਊਲਿੰਗ ਕਿੱਟ ਵੀ ਹੈ, ਜੋ ਕਿ ਦੂਜੇ ਸੀ-295 ਜਾਂ ਹੈਲੀਕਾਪਟਰਾਂ ਲਈ ਇਕ ਟੈਂਕਰ ਵਜੋਂ ਕੰਮ ਕਰ ਸਕਦੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            