ਕਾਰੋਬਾਰੀ ਨੇ ਪਰਿਵਾਰ ਵਾਲਿਆਂ ਨੂੰ ਦਿੱਲੀ ਭੇਜਣ ਲਈ ਕਿਰਾਏ ''ਤੇ ਲਿਆ ਪੂਰਾ ਜਹਾਜ਼

05/28/2020 4:05:18 PM

ਭੋਪਾਲ- ਭੋਪਾਲ ਦੇ ਇਕ ਵੱਡੇ ਕਾਰੋਬਾਰੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਵੀਂ ਦਿੱਲੀ ਭੇਜਣ ਲਈ ਪਿਛਲੇ ਦਿਨੀਂ ਨਿੱਜੀ ਕੰਪਨੀ ਦੇ ਇਕ 180 ਸੀਟਾਂ ਵਾਲੇ ਏ320 ਜਹਾਜ਼ ਨੂੰ ਕਿਰਾਏ 'ਤੇ ਲਿਆ। ਕਾਰੋਬਾਰੀ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹਵਾਈ ਅੱਡੇ ਅਤੇ ਜਹਾਜ਼ 'ਚ ਭੀੜ ਤੋਂ ਬਚਾਉਣ ਦੇ ਲਿਹਾਜ ਨਾਲ ਅਜਿਹਾ ਕੀਤਾ। ਸੂਤਰਾਂ ਨੇ ਦੱਸਿਆ ਕਿ ਸ਼ਰਾਬ ਦੇ ਇਸ ਕਾਰੋਬਾਰੀ ਨੇ ਤਾਲਾਬੰਦੀ ਕਾਰਨ 2 ਮਹੀਨਿਆਂ ਤੋਂ ਭੋਪਾਲ 'ਚ ਰੁਕੀ ਆਪਣੀ ਬੇਟੀ, ਉਸ ਦੇ 2 ਬੱਚਿਆਂ ਅਤੇ ਉਸ ਦੀ ਘਰੇਲੂ ਸੇਵਿਕਾ ਨੂੰ ਦਿੱਲੀ ਭੇਜਣ ਲਈ ਪਿਛਲੇ ਦਿਨੀਂ ਜਹਾਜ਼ ਕਿਰਾਏ 'ਤੇ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਸੋਮਵਾਰ ਨੂੰ ਦਿੱਲੀ ਤੋਂ ਸਿਰਫ਼ ਚਾਲਕ ਦਲ ਦੇ ਮੈਂਬਰਾਂ ਨਾਲ ਇੱਥੇ ਪਹੁੰਚਿਆ ਅਤੇ ਸਿਰਫ਼ ਚਾਰ ਯਾਤਰੀਆਂ ਨੂੰ ਲੈ ਕੇ ਵਾਪਸ ਰਵਾਨਾ ਹੋ ਗਿਆ। ਜਹਾਜ਼ 'ਚ ਸਵਾਰ 4 ਯਾਤਰੀਆਂ ਲਈ ਹੀ ਇਹ ਜਹਾਜ਼ ਕਿਰਾਏ 'ਤੇ ਲਿਆ ਗਿਆ ਸੀ।

ਏਅਰਲਾਈਨ ਦੇ ਅਧਿਕਾਰੀ ਨੇ ਇਸ ਬਾਰੇ ਵਧ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ,''180 ਸੀਟਾਂ ਦੀ ਸਮਰੱਥਾ ਵਾਲਾ ਏ320 ਜਹਾਜ਼ 25 ਮਈ ਨੂੰ ਇਕ ਪਰਿਵਾਰ ਦੇ 4 ਮੈਂਬਰਾਂ ਲਿਜਾਉਣ ਲਈ ਇੱਥੇ ਆਇਆ ਸੀ। ਇਹ ਕਿਸੇ ਵਿਅਕਤੀ ਵਲੋਂ ਕਿਰਾਏ 'ਤੇ ਲਿਆਂਦਾ ਗਿਆ ਸੀ ਅਤੇ ਇਸ 'ਚ ਕੋਈ ਡਾਕਟਰੀ ਸੰਬੰਧੀ ਐਮਰਜੈਂਸੀ ਸਥਿਤੀ ਨਹੀਂ ਸੀ।'' ਇਸ ਮਾਮਲੇ 'ਚ ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ ਦੇ ਡਾਇਰੈਕਟਰ ਅਨਿਲ ਵਿਕਰਮ ਨਾਲ ਟਿੱਪਣੀ ਲਈ ਸੰਪਰਕ ਨਹੀਂ ਹੋ ਸਕਿਆ। ਹਵਾਬਾਜ਼ੀ ਮਾਹਰਾਂ ਅਨੁਸਾਰ ਏਅਰਬੇਸ-320 ਦਾ ਕਿਰਾਇਆ ਲਗਭਗ 20 ਲੱਖ ਰੁਪਏ ਹੁੰਦਾ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਤਾਲਾਬੰਦੀ ਲਾਗੂ ਹੋਣ ਦੇ ਲਗਭਗ 2 ਮਹੀਨੇ ਬਾਅਦ ਸੋਮਵਾਰ ਤੋਂ ਦੇਸ਼ 'ਚ ਘਰੇਲੂ ਵਪਾਰਕ ਯਾਤਰੀ ਜਹਾਜ਼ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ ਹੈ। ਪਹਿਲੇ ਦਿਨ ਨਵੀਂ ਦਿੱਲੀ ਤੋਂ 2 ਉਡਾਣਾਂ ਤੋਂ ਯਾਤਰੀ ਭੋਪਾਲ ਆਏ ਅਤੇ ਗਏ।


DIsha

Content Editor

Related News