ਐਮਰਜੈਂਸੀ ਤੋਂ 50 ਸਾਲ ਬਾਅਦ ਵੀ ਕਾਂਗਰਸ ’ਤੇ ਬੋਝ : ਤਰੁਣ ਚੁੱਘ
Saturday, Jun 29, 2024 - 12:38 AM (IST)
ਜਲੰਧਰ/ਸ਼੍ਰੀਨਗਰ, (ਵਿਸ਼ੇਸ਼)– ਪਾਰਟੀ ਦੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਜੰਮੂ-ਕਸ਼ਮੀਰ ਦੇ ਇੰਚਾਰਜ ਤਰੁਣ ਚੁੱਘ ਨੇ ਸ਼੍ਰੀਨਗਰ ਦੇ ਚਰਚ ਲੇਨ ’ਚ ਇਕ ਸੈਮੀਨਾਰ ਆਯੋਜਿਤ ਕੀਤਾ।
ਚੋਣਾਂ ਲਈ ਜ਼ਮੀਨੀ ਪੱਧਰ ’ਤੇ ਸੰਗਠਨ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਚੁੱਘ ਨੇ ਵਰਕਰਾਂ ਨੂੰ ਪਾਰਟੀ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। 1975 ’ਚ ਲਾਈ ਗਈ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ’ਤੇ ਵਿਚਾਰ ਪੇਸ਼ ਕਰਦਿਆਂ ਚੁੱਘ ਨੇ ਭਾਰਤੀ ਲੋਕਤੰਤਰ ’ਤੇ ਇਸ ਦੇ ਸਥਾਈ ਅਸਰ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਐਮਰਜੈਂਸੀ ਲਾਗੂ ਹੋਈ ਨੂੰ 50 ਸਾਲ ਬੀਤ ਚੁੱਕੇ ਹਨ ਪਰ ਫਿਰ ਵੀ ਕਾਂਗਰਸ ਪਾਰਟੀ ਅਜੇ ਵੀ ਇਸ ਪਾਪ ਦਾ ਬੋਝ ਢੋਅ ਰਹੀ ਹੈ। ਜਦੋਂ ਵੀ ਇਸ ਮੁੱਦੇ ’ਤੇ ਚਰਚਾ ਹੁੰਦੀ ਹੈ ਤਾਂ ਉਹ ਇੰਨੇ ਉਤੇਜਿਤ ਤੇ ਬੇਚੈਨ ਕਿਉਂ ਹੋ ਜਾਂਦੇ ਹਨ? ਦੇਸ਼ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਐਮਰਜੈਂਸੀ ਕਿਉਂ ਲਈ ਗਈ ਸੀ।
ਚੁੱਘ ਨੇ ਐਮਰਜੈਂਸੀ ਵੱਲ ਲਿਜਾਣ ਵਾਲੀਆਂ ਘਟਨਾਵਾਂ ਨੂੰ ਯਾਦ ਕੀਤਾ, ਜਿਨ੍ਹਾਂ ਦੀ ਸ਼ੁਰੂਆਤ ਇਲਾਹਾਬਾਦ ਹਾਈ ਕੋਰਟ ਵੱਲੋਂ ਰਾਏਬਰੇਲੀ ਤੋਂ ਇੰਦਰਾ ਗਾਂਧੀ ਦੀ ਚੋਣ ਨੂੰ ਨਾਮੰਨਣਯੋਗ ਕੀਤੇ ਜਾਣ ਨਾਲ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਸਟੇਅ ਆਰਡਰ ਦੀ ਮੰਗ ਕਰਨੀ ਪਈ ਪਰ ਪੂਰਨ ਸਟੇਅ ਆਰਡਰ ਨਹੀਂ ਦਿੱਤਾ ਗਿਆ ਸੀ। ਇਸ ਕਾਨੂੰਨੀ ਦੁਚਿੱਤੀ ਨੇ ਐਮਰਜੈਂਸੀ ਲਾਗੂ ਕਰਨ ਲਈ ਮੰਚ ਤਿਆਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਲੋਕਨਾਇਕ ਜੈਪ੍ਰਕਾਸ਼ ਨਾਰਾਇਣ, ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਤੇ ਕੋਈ ਹੋਰ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਚੁੱਘ ਨੇ ਮੌਜੂਦਾ ਨੇਤਾਵਾਂ ਨੂੰ ਆਪਣੇ ਪਿਛਲੇ ਨੇਤਾਵਾਂ ’ਤੇ ਐਮਰਜੈਂਸੀ ਦੇ ਅਸਰ ਨੂੰ ਯਾਦ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ, ਸਟਾਲਿਨ, ਕਨੀਮੋਝੀ ਤੇ ਤੇਜਸਵੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਿਤਾ ਵੀ ਐਮਰਜੈਂਸੀ ਦੌਰਾਨ ਜੇਲ ਵਿਚ ਸਨ।