ਨਾਬਾਲਿਗ ਨਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ’ਚ 3 ਹੋਟਲਾਂ ’ਤੇ ਚੱਲਿਆ ਬੁਲਡੋਜ਼ਰ
Thursday, Jul 02, 2026 - 05:23 PM (IST)
ਜੈਪੁਰ, (ਏਜੰਸੀ)- ਰਾਜਸਥਾਨ ਦੇ ਸ਼੍ਰੀ ਗੰਗਾਨਗਰ ਵਿਚ 13 ਸਾਲਾ ਲੜਕੀ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਮਾਮਲੇ ਵਿਚ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਬੁੱਧਵਾਰ ਨੂੰ ਇਸ ਮਾਮਲੇ ਨਾਲ ਜੁੜੇ 3 ਹੋਟਲਾਂ ਨੂੰ ਢਾਹ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਭਾਰੀ ਪੁਲਸ ਅਤੇ ਪ੍ਰਸ਼ਾਸਨਿਕ ਤਾਇਨਾਤੀ ਦਰਮਿਆਨ ਜੇ. ਸੀ. ਬੀ. ਮਸ਼ੀਨਾਂ ਨਾਲ ਹੋਟਲ ਖੁੰਗਰ, ਜੋਏ ਇਨ ਅਤੇ ਹੋਟਲ ਸਫਾਇਰ ਨੂੰ ਡੇਗ ਦਿੱਤਾ। ਇਸ ਦੌਰਾਨ ਪੂਰਾ ਇਲਾਕਾ ਪੁਲਸ ਛਾਉਣੀ ’ਚ ਤਬਦੀਲ ਹੋ ਗਿਆ।
ਹੋਟਲਾਂ ਨੂੰ ਢਾਹੁਣ ਦੀ ਇਹ ਮੁਹਿੰਮ ਐੱਸ. ਡੀ. ਐੱਮ. ਨਯਨ ਗੌਤਮ, ਵਧੀਕ ਪੁਲਸ ਸੁਪਰਡੈਂਟ ਦੀਪਕ ਸ਼ਰਮਾ, ਉਪ-ਪੁਲਸ ਸੁਪਰਡੈਂਟ ਵਿਸ਼ਨੂੰ ਖੱਤਰੀ ਅਤੇ 50 ਤੋਂ ਵੱਧ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਚਲਾਈ ਗਈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ।
ਐੱਸ. ਪੀ. ਹਰੀਸ਼ੰਕਰ ਨੇ ਕਿਹਾ, ‘‘ਹੁਣ ਤੱਕ 14 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਾਂਚ ਜਾਰੀ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।’’ ਇਹ ਮਾਮਲਾ 23 ਜੂਨ ਨੂੰ ਉਦੋਂ ਸਾਹਮਣੇ ਆਇਆ ਸੀ, ਜਦੋਂ ਪੁਲਸ ਨੇ ਸ਼ਹਿਰ ਦੇ ਇਕ ਹੋਟਲ ’ਤੇ ਛਾਪਾ ਮਾਰ ਕੇ ਨਾਬਾਲਿਗ ਲੜਕੀ ਨੂੰ ਕੈਦ ’ਚੋਂ ਮੁਕਤ ਕਰਵਾਇਆ।
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਹੋਟਲ ਮਾਲਕ ਅਤੇ ਮੈਨੇਜਰ ਲੜਕੀ ਨੂੰ ਬੰਧਕ ਬਣਾ ਕੇ ਰੱਖਦੇ ਸਨ ਅਤੇ ਵੱਖ-ਵੱਖ ਲੋਕਾਂ ਨੂੰ ਬੁਲਾ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਵਾ ਰਹੇ ਸਨ। ਦੋਸ਼ ਹੈ ਕਿ ਪੰਜ ਦਿਨਾਂ ’ਚ ਨਾਬਾਲਿਗ ਨਾਲ 20 ਤੋਂ ਵੱਧ ਲੋਕਾਂ ਨੇ ਵੱਖ-ਵੱਖ ਹੋਟਲਾਂ ਵਿਚ ਜਬਰ-ਜ਼ਨਾਹ ਕੀਤਾ।
ਐੱਫ. ਆਈ. ਆਰ. ਮੁਤਾਬਕ ਕਈ ਹੋਟਲ ਮਾਲਕ ਅਤੇ ਸੰਚਾਲਕ ਇਸ ਸ਼ੋਸ਼ਣ ’ਚ ਸ਼ਾਮਲ ਸਨ। ਇਸ ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਸ਼ਹਿਰ ਵਿਚ ਭਾਰੀ ਰੋਸ ਫੈਲ ਗਿਆ। ਲੋਕ ਸੜਕਾਂ ’ਤੇ ਉਤਰ ਆਏ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਲਗਾਤਾਰ ਬਣੇ ਦਬਾਅ ਕਾਰਨ ਪ੍ਰਸ਼ਾਸਨ ਨੇ ਤਿੰਨ ਹੋਟਲਾਂ ’ਤੇ ਬੁਲਡੋਜ਼ਰ ਚਲਾਉਣ ਦੇ ਹੁਕਮ ਦਿੱਤੇ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
