ਖੇਤ ’ਚੋਂ ਮਿਲੀ ਔਰਤ ਦੀ ਲਾਸ਼, ਜਬਰ-ਜ਼ਨਾਹ ਤੋਂ ਬਾਅਦ ਕਤਲ ਦਾ ਖ਼ਦਸ਼ਾ
Friday, Jul 24, 2026 - 02:36 AM (IST)
ਗਾਜ਼ੀਆਬਾਦ - ਗਾਜ਼ੀਆਬਾਦ ਦੇ ਵੇਵ ਸਿਟੀ ਥਾਣਾ ਖੇਤਰ ਦੇ ਕਾਜ਼ੀਪੁਰਾ ਪਿੰਡ ਸਥਿਤ ਇਕ ਖੇਤ ਵਿਚੋਂ ਵੀਰਵਾਰ ਸਵੇਰੇ ਅਣਪਛਾਤੀ ਔਰਤ ਦੀ ਲਾਸ਼ ਮਿਲੀ। ਪੁਲਸ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਸ਼ੁਰੂਆਤੀ ਜਾਂਚ ਵਿਚ ਖੇਤ ਦੇ ਵਿਚਕਾਰ ਘਸੀਟਣ ਦੇ ਨਿਸ਼ਾਨ ਅਤੇ ਕਈ ਥਾਵਾਂ ’ਤੇ ਫ਼ਸਲ ਖਰਾਬ ਹੋਈ ਮਿਲੀ ਹੈ। ਪੁਲਸ ਨੇ ਜਬਰ-ਜ਼ਨਾਹ ਤੋਂ ਬਾਅਦ ਕਤਲ ਕੀਤੇ ਜਾਣ ਦੇ ਖ਼ਦਸ਼ੇ ਤੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੇਵ ਸਿਟੀ ਏ. ਸੀ. ਪੀ. ਪ੍ਰਿਯਾਸ਼੍ਰੀ ਪਾਲ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਲੱਗਭਗ 9 ਵਜੇ ਡਾਇਲ-112 ਰਾਹੀਂ ਸੂਚਨਾ ਮਿਲੀ ਸੀ ਕਿ ਕਾਜ਼ੀਪੁਰਾ ਪਿੰਡ ਦੇ ਇਕ ਖੇਤ ਵਿਚ ਸ਼ੱਕੀ ਹਾਲਾਤ ’ਚ ਲਾਸ਼ ਪਈ ਹੈ। ਸੂਚਨਾ ਮਿਲਦਿਆਂ ਹੀ ਵੇਵ ਸਿਟੀ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਖੇਤ ਦੇ ਅੰਦਰ ਤੱਕ ਘਸੀਟਣ ਦੇ ਨਿਸ਼ਾਨ ਮਿਲੇ ਹਨ ਅਤੇ ਆਲੇ-ਦੁਆਲੇ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੋਇਆ ਸੀ। ਘਟਨਾ ਸਥਾਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਫਾਰੈਂਸਿਕ ਸਾਇੰਸ ਲੈਬ (ਐੱਫ. ਐੱਸ. ਐੱਲ.) ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਮੌਕੇ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ।
