ਸਮੂਹਿਕ ਛੁੱਟੀ 'ਤੇ ਗਏ ਪਟਵਾਰੀ! ਸੂਬਾ ਵਾਸੀਆਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ

Saturday, Jul 25, 2026 - 01:14 PM (IST)

ਸਮੂਹਿਕ ਛੁੱਟੀ 'ਤੇ ਗਏ ਪਟਵਾਰੀ! ਸੂਬਾ ਵਾਸੀਆਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ

ਜਲੰਧਰ (ਚੋਪੜਾ)–ਰੈਵੇਨਿਊ ਪਟਵਾਰ ਯੂਨੀਅਨ ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਜਲੰਧਰ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਦਾ ਪਟਵਾਰਖਾਨਾ ਪੂਰੀ ਤਰ੍ਹਾਂ ਬੰਦ ਰਿਹਾ। ਸਾਰੇ ਪਟਵਾਰੀ ਸਮੂਹਿਕ ਛੁੱਟੀ 'ਤੇ ਰਹੇ, ਜਿਸ ਕਾਰਨ ਜ਼ਮੀਨ ਅਤੇ ਮਾਲੀਆ ਵਿਭਾਗ ਨਾਲ ਜੁੜੇ ਵਧੇਰੇ ਕੰਮ ਪ੍ਰਭਾਵਿਤ ਹੋਏ। ਪਟਵਾਰਖਾਨਾ ਬੰਦ ਰਹਿਣ ਨਾਲ ਜ਼ਮੀਨ ਸਬੰਧੀ ਦਸਤਾਵੇਜ਼ਾਂ ਅਤੇ ਹੋਰ ਕੰਮਾਂ ਲਈ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਮੁੜਨਾ ਪਿਆ।

ਪਟਵਾਰੀਆਂ ਨੇ ਸਵਾਮਿੱਤਵ (ਲਾਲ ਲਕੀਰ) ਯੋਜਨਾ ਦਾ ਪੂਰਨ ਬਾਈਕਾਟ ਕੀਤਾ। ਇਸ ਤੋਂ ਇਲਾਵਾ ਐਗਰੀਸਟੈਕ ਐਪ ਅਤੇ ਆਨਲਾਈਨ ਪੋਰਟਲ ਜ਼ਰੀਏ ਕਿਸਾਨ ਆਈ. ਡੀ. (ਜ਼ਮੀਨ ਤਸਦੀਕ) ਨਾਲ ਜੁੜੀ ਕਿਸੇ ਵੀ ਅਰਜ਼ੀ ਨੂੰ ਮਨਜ਼ੂਰੀ (ਅਪਰੂਵਲ) ਨਹੀਂ ਦਿੱਤੀ ਗਈ। ਹੜਤਾਲ ਕਾਰਨ ਇੰਤਕਾਲ (ਮਿਊਟੇਸ਼ਨ) ਦੇ ਮਾਮਲਿਆਂ ਦਾ ਵੀ ਨਿਪਟਾਰਾ ਨਹੀਂ ਹੋ ਸਕਿਆ, ਜਿਸ ਨਾਲ ਕਈ ਮਾਮਲੇ ਲਟਕਦੇ ਰਹਿ ਗਏ।

ਇਹ ਵੀ ਪੜ੍ਹੋ: ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ ਵੱਡਾ ਫ਼ੈਸਲਾ

ਇਸ ਦੌਰਾਨ ਪਟਵਾਰੀ ਰਵੀ ਸੱਭਰਵਾਲ, ਰੋਹਿਤ ਸਹੋਤਾ, ਵੀਰੇਂਦਰ ਕੁਮਾਰ, ਭੋਲਾ ਸਿੰਘ, ਰਾਜੇਂਦਰ ਸਿੱਧੂ, ਭਾਵਨਾ ਸਿੰਘ, ਮਧੂ, ਦੁਸ਼ਯੰਤ ਸ਼ਰਮਾ ਸਮੇਤ ਹੋਰ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ’ਤੇ ਸਰਕਾਰ ਵੱਲੋਂ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਵਾਰ-ਵਾਰ ਮੰਗ ਉਠਾਉਣ ਦੇ ਬਾਵਜੂਦ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ, ਜਿਸ ਨਾਲ ਪਟਵਾਰੀਆਂ ਵਿਚ ਰੋਸ ਲਗਾਤਾਰ ਵਧ ਰਿਹਾ ਹੈ।

ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਸਟੇਟ ਕੇਡਰ ਵਿਵਸਥਾ ਨੂੰ ਰੱਦ ਕਰਨਾ, 17 ਜੁਲਾਈ 2020 ਨਾਲ ਸਬੰਧਤ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਪੱਤਰ ਨੂੰ ਵਾਪਸ ਲੈਣਾ ਅਤੇ ਖ਼ਤਮ ਕੀਤੀਆਂ ਗਈਆਂ 1056 ਪਟਵਾਰੀ ਅਸਾਮੀਆਂ ਦੀ ਬਹਾਲੀ ਸ਼ਾਮਲ ਹੈ। ਇਸ ਤੋਂ ਇਲਾਵਾ ਵਿਭਾਗੀ ਕਰਮਚਾਰੀਆਂ ਨਾਲ ਜੁੜੇ ਹੋਰ ਲਟਕਦੇ ਮਾਮਲਿਆਂ ਦਾ ਵੀ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ

ਪਟਵਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਹਾਂ-ਪੱਖੀ ਫ਼ੈਸਲਾ ਲੈ ਕੇ ਲਿਖਤੀ ਭਰੋਸਾ ਨਹੀਂ ਦਿੰਦੀ, ਉਦੋਂ ਤੱਕ ਸਵਾਮਿੱਤਵ (ਲਾਲ ਲਕੀਰ) ਯੋਜਨਾ, ਕਿਸਾਨ ਆਈ. ਡੀ. ਜ਼ਮੀਨ ਤਸਦੀਕ ਸਮੇਤ ਅੰਦੋਲਨਕਾਰੀ ਪ੍ਰੋਗਰਾਮ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਸਿਰਫ਼ ਕਰਮਚਾਰੀਆਂ ਦੇ ਹੱਕਾਂ ਅਤੇ ਵਿਭਾਗੀ ਹਿੱਤਾਂ ਦੀ ਰਾਖੀ ਲਈ ਹੈ ਅਤੇ ਜੇਕਰ ਸਰਕਾਰ ਨੇ ਜਲਦ ਗੱਲਬਾਤ ਕਰ ਕੇ ਹੱਲ ਨਾ ਕੱਢਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ Alert ਹੋ ਗਿਆ ਜਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News