ਔਰਤ ਨਾਲ ਬਦਸਲੂਕੀ ਕਰਨ ਦਾ ਮਾਮਲਾ; BJP ਆਗੂ ਤਿਆਗੀ ਦੇ ਨਿਵਾਸ ’ਤੇ ਚੱਲਿਆ ਬੁਲਡੋਜ਼ਰ
Tuesday, Aug 09, 2022 - 11:57 AM (IST)
ਨੋਇਡਾ– ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਗਰੈਂਡ ਓਮੈਕਸ ਸੋਸਾਇਟੀ ’ਚ ਔਰਤ ਨਾਲ ਬਦਸਲੂਕੀ ਕਰਨ ਵਾਲੇ ਸ਼੍ਰੀਕਾਂਤ ਤਿਆਗੀ ਖ਼ਿਲਾਫ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਤਿਆਗੀ ਦੀ ਰਿਹਾਇਸ਼ ਦੇ ਬਾਹਰ ਗੈਰ-ਕਾਨੂੰਨੀ ਨਿਰਮਾਣ ’ਤੇ ਪ੍ਰਸ਼ਾਸਨ ਦਾ ਬੁਲਡੋਜ਼ਰ ਚੱਲਿਆ। ਸੋਮਵਾਰ ਸਵੇਰੇ ਨੋਇਡਾ ਅਥਾਰਟੀ ਦੀ ਟੀਮ ਬੁਲਡੋਜ਼ਰ ਲੈ ਕੇ ਇੱਥੇ ਪਹੁੰਚੀ ਅਤੇ ਗੈਰ-ਕਾਨੂੰਨੀ ਨਿਰਮਾਣ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ‘ਗਾਲੀਬਾਜ਼’ ਆਗੂ ਤਿਆਗੀ ਨੇ ਫਲੈਟ ’ਚ ਜਾਣ ਲਈ ਸੋਸਾਇਟੀ ਦੇ ਬੈਸਮੈਂਟ ਤੋਂ ਪੌੜ੍ਹੀਆਂ ਬਣਵਾਈਆਂ ਸਨ, ਜਿਸ ਨੂੰ ਤੋੜ ਦਿੱਤਾ ਗਿਆ ਹੈ।
ਓਧਰ ਨੋਇਡਾ ਪੁਲਸ ਕਮਿਸ਼ਨਰ ਆਲੋਕ ਸਿੰਘ ਨੇ ਦੱਸਿਆ ਕਿ ਸ਼੍ਰੀਕਾਂਤ ਤਿਆਗੀ ’ਤੇ ਗੈਂਗਸਟਰ ਐਕਟ ਲਾਇਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਦੋਸ਼ੀ ਲਗਾਤਾਰ ਆਪਣੀ ਲੋਕੇਸ਼ਨ ਬਦਲ ਰਿਹਾ ਹੈ। ਨੋਇਡਾ ਪੁਲਸ ਦੀਆਂ ਟੀਮਾਂ ਉਸ ਦੇ ਸੰਭਾਵਿਤ ਟਿਕਾਣਿਆਂ ’ਤੇ ਲਗਾਤਾਰ ਦਬਿਸ਼ ਦੇ ਰਹੀ ਹੈ। ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਬੁਲਡੋਜ਼ਰ ਦੀ ਕਾਰਵਾਈ ਸਿਰਫ਼ ਵਿਖਾਵਾ, ਕੌਣ ਤਿਆਗੀ ਨੂੰ ਬਚਾ ਰਿਹਾ- ਪ੍ਰਿਯੰਕਾ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਨੋਇਡਾ ’ਚ ਇਕ ਔਰਤ ਨਾਲ ਬਦਸਲੂਕੀ ਦੇ ਮੁਲਜ਼ਮ ਸ਼੍ਰੀਕਾਂਤ ਤਿਆਗੀ ਦੀਆਂ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾਵਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਇਸ ਮਾਮਲੇ ’ਚ ਬੁਲਡੋਜ਼ਰ ਦੀ ਕਾਰਵਾਈ ਦਿਖਾਵਾ ਹੈ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਆਖਿਰ ਤਿਆਗੀ ਨੂੰ ਕੌਣ ਬਚਾਉਂਦਾ ਆਇਆ ਹੈ ਅਤੇ ਕੀ ਭਾਜਪਾ ਸਰਕਾਰ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੇ ਨਾਜਾਇਜ਼ ਨਿਰਮਾਣ ਕਰਵਾਏ ਹੋਏ ਹਨ?
ਉੱਤਰ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਪ੍ਰਿਯੰਕਾ ਨੇ ਟਵੀਟ ਕੀਤਾ, ‘‘ਕੀ ਭਾਜਪਾ ਸਰਕਾਰ ਨੂੰ ਇੰਨੇ ਸਾਲਾਂ ਤੋਂ ਪਤਾ ਨਹੀਂ ਸੀ ਕਿ ਨੋਇਡਾ ਦੇ ਭਾਜਪਾ ਨੇਤਾ ਦਾ ਨਿਰਮਾਣ ਗੈਰ-ਕਾਨੂੰਨੀ ਹਨ? ਬੁਲਡੋਜ਼ਰ ਦੀ ਕਾਰਵਾਈ ਦਿਖਾਵਾ ਹੈ।’’ ਉਨ੍ਹਾਂ ਨੇ ਦੋਸ਼ ਲਾਇਆ, ‘‘ਸਰਕਾਰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਬਚ ਰਹੀ ਹੈ। ਇਕ ਔਰਤ ਨਾਲ ਸ਼ਰੇਆਮ ਬਦਸਲੂਕੀ ਅਤੇ 10-15 ਗੁੰਡੇ ਭੇਜ ਕੇ ਔਰਤਾਂ ਨੂੰ ਧਮਕਾਉਣ ਦੀ ਹਿੰਮਤ ਉਸ ਨੂੰ ਕੌਣ ਦੇ ਰਿਹਾ ਹੈ?’’ ਪ੍ਰਿਅੰਕਾ ਨੇ ਸਵਾਲ ਕੀਤਾ, ‘‘ਕਿਸ ਦੀ ਸਰਪ੍ਰਸਤੀ ’ਚ ਉਨ੍ਹਾਂ ਦੀ ਗੁੰਡਾਗਰਦੀ ਅਤੇ ਗੈਰ-ਕਾਨੂੰਨੀ ਕਾਰੋਬਾਰ ਵਧਿਆ?’’