ਪ੍ਰਯਾਗਰਾਜ ਹਿੰਸਾ ਮਾਮਲੇ ’ਚ ਵੱਡੀ ਕਾਰਵਾਈ, ਮੁੱਖ ਦੋਸ਼ੀ ਜਾਵੇਦ ਦੇ ਘਰ ’ਤੇ ਚੱਲਿਆ ਬੁਲਡੋਜ਼ਰ
Sunday, Jun 12, 2022 - 01:44 PM (IST)
ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸ਼ੁੱਕਰਵਾਰ ਦੀ ਜੁੰਮੇ ਦੀ ਨਮਾਜ਼ ਤੋਂ ਬਾਅਦ ਹੋਈ ਹਿੰਸਾ ਅਤੇ ਭੜਕਾਊ ਘਟਨਾ ਦੇ ਮਾਸਟਰ ਮਾਈਂਡ ਮੁਹੰਮਦ ਜਾਵੇਦ ਅਹਿਮਦ ਉਰਫ ਜਾਵੇਦ ਪੰਪ ਦੇ ਖੁਲਦਾਬਾਦ ਥਾਣਾ ਖੇਤਰ 'ਚ ਮੌਜੂਦ ਆਲੀਸ਼ਾਨ ਘਰ ਨੂੰ ਬੁਲਡੋਜ਼ਰ ਨਾਲ ਢਾਹਿਆ ਜਾ ਰਿਹਾ ਹੈ। ਪ੍ਰਯਾਗਰਾਜ ਵਿਕਾਸ ਅਥਾਰਟੀ (ਪੀ.ਡੀ.ਏ.) ਨੇ ਸ਼ਨੀਵਾਰ ਨੂੰ ਬੁਲਡੋਜ਼ਰ ਨਾਲ ਖੁਲਦਾਬਾਦ ਦੇ ਅਟਾਲਾ ਚੌਕ ਇਲਾਕੇ 'ਚ ਸਥਿਤ ਜਾਵੇਦ ਦੇ ਘਰ ਨੂੰ ਢਾਹੁਣ ਦੀ ਕਾਰਵਾਈ ਪੂਰੀ ਕੀਤੀ ਅਤੇ ਐਤਵਾਰ ਦੁਪਹਿਰ ਕਰੀਬ 12 ਵਜੇ ਘਰ ਦੀ ਬਾਹਰੀ ਕੰਧ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੀ.ਡੀ.ਏ ਦੇ ਸਕੱਤਰ, ਪੁਲਸ ਅਤੇ ਪ੍ਰਸ਼ਾਸਨਕ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਪੀ.ਡੀ.ਏ. ਦੇ ਦੋ ਬੁਲਡੋਜ਼ਰਾਂ ਨੇ ਜਾਵੇਦ ਦੇ ਦੋ ਮੰਜ਼ਿਲਾ ਮਕਾਨ ਨੂੰ ਢਾਹੁਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਘਰ ਦੀ ਬਾਹਰਲੀ ਕੰਧ ਢਾਹ ਦਿੱਤੀ। ਇਸ ਤੋਂ ਬਾਅਦ ਮਕਾਨ ਦੇ ਅੰਦਰਲੇ ਹਿੱਸੇ 'ਚ ਕੁਝ ਲੋਕਾਂ ਦੇ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਕੁਝ ਸਮੇਂ ਲਈ ਢਾਹੁਣ ਦੀ ਕਾਰਵਾਈ ਨੂੰ ਰੋਕ ਦਿੱਤਾ ਗਿਆ। ਪੁਲਸ ਅਤੇ ਪੀ.ਡੀ.ਏ. ਅਧਿਕਾਰੀ ਇਹ ਯਕੀਨੀ ਬਣਾਉਣ ਲਈ ਘਰ ਦੇ ਅੰਦਰ ਦਾਖ਼ਲ ਹੋਏ ਕਿ ਘਰ ਨੂੰ ਢਾਹੁਣ ਵੇਲੇ ਕੋਈ ਅੰਦਰ ਨਾ ਰਹੇ। ਇਸ ਦੌਰਾਨ ਘਰ ਅੰਦਰ ਪਿਆ ਸਾਮਾਨ ਵੀ ਮਜ਼ਦੂਰਾਂ ਦੀ ਮਦਦ ਨਾਲ ਬਾਹਰ ਕੱਢ ਕੇ ਸੂਚੀਬੱਧ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੀ.ਡੀ.ਏ ਨੇ ਸ਼ਨੀਵਾਰ ਨੂੰ ਹੀ ਜਾਵੇਦ ਦੇ ਘਰ 'ਤੇ ਨੋਟਿਸ ਚਿਪਕਾਇਆ ਸੀ। ਨੋਟਿਸ 'ਚ ਪੀ.ਡੀ.ਏ. ਦੀ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਮਕਾਨ ਦੀ ਉਸਾਰੀ ਅਤੇ ਕਬਜ਼ਾ ਕਰਨ ਦਾ ਦੋਸ਼ ਲਗਾਉਂਦੇ ਹੋਏ ਐਤਵਾਰ ਨੂੰ 11 ਵਜੇ ਤੱਕ ਆਪਣਾ ਘਰ ਖਾਲੀ ਕਰਨ ਦਾ ਸਮਾਂ ਦਿੱਤਾ ਗਿਆ ਹੈ। ਮਕਾਨ ਢਾਹੁਣ ਦੀਆਂ ਤਿਆਰੀਆਂ ਨੂੰ ਲੈ ਕੇ ਪੀ.ਡੀ. ਏ ਦੀ ਬੇਨਤੀ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਪਿਡ ਟਾਸਕ ਫੋਰਸ (ਆਰ.ਏ.ਐਫ) ਅਤੇ ਪੀ.ਏ.ਸੀ ਦੀ ਇਕ ਕੰਪਨੀ ਤੋਂ ਇਲਾਵਾ ਕਈ ਥਾਣਿਆਂ ਦੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ। ਮਕਾਨ ਢਾਹੁਣ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਪੁਲਸ ਨੇ ਸ਼ਨੀਵਾਰ ਨੂੰ ਹੀ ਜਾਵੇਦ ਪੰਪ ਨੂੰ ਹਿਰਾਸਤ 'ਚ ਲੈ ਲਿਆ ਸੀ।