BSF ਅਧਿਕਾਰੀ ਕੋਰੋਨਾ ਪਾਜ਼ੀਟਿਵ, ਡਾਕਟਰੀ ਨਿਗਰਾਨੀ ‘ਚ ਰਹਿਣਗੇ 50 ਜਵਾਨ
Sunday, Mar 29, 2020 - 09:52 AM (IST)
ਨਵੀਂ ਦਿੱਲੀ- ਦੇਸ਼ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਤੇ ਦਿਨੋਂ-ਦਿਨ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਮੱਧ ਪ੍ਰਦੇਸ਼ ਦੇ ਬਾਰਡਰ ਸਕਿਓਰਿਟੀ ਫੋਰਸ ਦੇ ਇਕ ਜਵਾਨ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਦੇ ਬਾਅਦ 50 ਜਵਾਨਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ, ਯਾਨੀ ਉਹ ਡਾਕਟਰੀ ਨਿਗਰਾਨੀ ਵਿਚ ਵੱਖ-ਵੱਖ ਰਹਿਣਗੇ। ਸੂਬੇ ਵਿਚ ਇਸ ਜਾਨਲੇਵਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 34 ਹੋ ਗਈ ਹੈ, ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ।
ਗਵਾਲੀਅਰ ਦੇ ਕੋਰੋਨਾ ਨੋਡਲ ਅਧਿਕਾਰੀ ਡਾ. ਮਹਿੰਦਰ ਕੁਮਾਰ ਪਿਪਰੌਲਿਆ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੀ. ਐੱਸ. ਐੱਫ. ਅਕਾਦਮੀ ਟੇਕਨਪੁਰ ਵਿਚ 57 ਸਾਲਾ ਇਕ ਅਫਸਰ ਕੋਰੋਨਾ ਨਾਲ ਪੀੜਤ ਪਾਇਆ ਗਿਆ ਹੈ। ਇਸ ਦੇ ਬਾਅਦ ਅਧਿਕਾਰੀ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ 50 ਅਧਿਕਾਰੀਆਂ ਅਤੇ ਜਵਾਨਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਬੀ. ਐੱਸ. ਐੱਫ. ਦੇ ਡਾਕਟਰ ਇਨ੍ਹਾਂ ਜਵਾਨਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੇ ਹਨ।
ਅਧਿਕਾਰੀਆਂ ਮੁਤਾਬਕ ਅਫਸਰ ਦੀ ਪਤਨੀ ਲੰਡਨ ਤੋਂ ਪਰਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਅਫਸਰ ਨੂੰ ਵਾਇਰਸ ਆਪਣੀ ਪਤਨੀ ਤੋਂ ਹੀ ਹੋਇਆ ਹੈ। ਇਹ ਅਫਸਰ 15 ਤੋਂ 19 ਮਾਰਚ ਵਿਚਕਾਰ ਏ. ਡੀ. ਜੀ., ਆਈ. ਜੀ. ਰੈਂਕ ਦੇ ਅਧਿਕਾਰੀਆਂ ਨਾਲ ਕਈ ਬੈਠਕਾਂ ਕਰ ਚੁੱਕਾ ਹੈ। ਅਜਿਹੇ ਵਿਚ ਜਾਣਕਾਰੀ ਲਈ ਜਾ ਰਹੀ ਹੈ ਕਿ ਉਹ ਅਫਸਰ ਅਤੇ ਹੋਰ ਕਿੰਨੇ ਕੁ ਲੋਕਾਂ ਦੇ ਸੰਪਰਕ ਵਿਚ ਆਏ ਹਨ।