ਜੰਮੂ-ਕਸ਼ਮੀਰ: ਸਰਹੱਦ ’ਤੇ ਫਿਰ ਦਿੱਸਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਚਲਾਈਆਂ ਗੋਲੀਆਂ
Saturday, May 14, 2022 - 10:20 AM (IST)
ਜੰਮੂ– ਸਰਹੱਦ ’ਤੇ ਫਿਰ ਪਾਕਿਸਤਾਨੀ ਸਾਜਿਸ਼ ਨਾਕਾਮ ਹੋਈ। ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸਰਹੱਦ ਸੁਰੱਖਿਆ ਫੋਰਸ (BSF) ਦੇ ਜਵਾਨਾਂ ਨੇ ਸ਼ਨੀਵਾਰ ਤੜਕੇ ਪਾਕਿਸਤਾਨ ਵੱਲੋਂ ਆ ਰਹੇ ਇਕ ਡਰੋਨ ’ਤੇ ਕਈ ਗੋਲੀਆਂ ਵਰ੍ਹਾਈਆਂ, ਜਿਸ ਕਾਰਨ ਉਸ ਨੂੰ ਵਾਪਸ ਜਾਣਾ ਪਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਲਾਕੇ ’ਚ ਇਹ ਯਕੀਨੀ ਕਰਨ ਲਈ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਕਿ ਡਰੋਨ ਨਾਲ ਕੋਈ ਹਥਿਆਰ ਜਾਂ ਨਸ਼ੀਲਾ ਪਦਾਰਥ ਤਾਂ ਨਹੀਂ ਸੁੱਟਿਆ ਗਿਆ ਹੋਵੇ।
ਓਧਰ ਬੀ. ਐੱਸ. ਐੱਫ. ਦੇ ਡਿਪਟੀ ਇੰਸਪੈਕਟਰ ਜਨਰਲ ਐੱਸ. ਪੀ. ਸੰਧੂ ਨੇ ਕਿਹਾ, ‘‘ਸ਼ਨੀਵਾਰ ਤੜਕੇ ਚੌਕੰਨੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਆਸਮਾਨ ’ਚ ਚਮਕਦੀ ਰੌਸ਼ਨੀ ਵੇਖੀ ਅਤੇ ਅਰਨੀਆ ਇਲਾਕੇ ’ਚ ਤੁਰੰਤ ਉਸ ਦੀ ਦਿਸ਼ਾ ’ਚ ਗੋਲੀਆਂ ਚਲਾਈਆਂ, ਜਿਸ ਨਾਲ ਪਾਕਿਸਤਾਨੀ ਡਰੋਨ ਨੂੰ ਵਾਪਸ ਮੁੜਨਾ ਪਿਆ। ਇਲਾਕੇ ’ਚ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ।’’
ਅਧਿਕਾਰੀਆਂ ਮੁਤਾਬਕ ਬੀ. ਐੱਸ. ਐੱਫ. ਜਵਾਨਾਂ ਨੇ ਤੜਕੇ ਕਰੀਬ 4.45 ਵਜੇ ਪਾਕਿਸਤਾਨ ਡਰੋਨ ਨੂੰ ਵੇਖਿਆ ਅਤੇ ਉਸ ਨੂੰ ਹੇਠਾਂ ਲਿਆਉਣ ਲਈ ਕਰੀਬ 8 ਗੋਲੀਆਂ ਚਲਾਈਆਂ। ਹਾਲਾਂਕਿ ਡਰੋਨ ਹਵਾ ’ਚ ਕੁਝ ਮਿੰਟਾਂ ਤੱਕ ਮੰਡਰਾਉਣ ਮਗਰੋਂ ਵਾਪਸ ਚੱਲਾ ਗਿਆ। ਆਰ. ਐੱਸ. ਪੁਰਾ ਸੈਕਟਰ ਤਹਿਤ ਆਉਣ ਵਾਲੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲ ਰਹੀ ਹੈ। ਜ਼ਿਕਰਯੋਗ ਹੈ ਕਿ ਅਰਨੀਆ ’ਚ 7 ਦਿਨਾਂ ਦੇ ਅੰਦਰ ਇਸ ਤਰ੍ਹਾਂ ਦੀ ਦੂਜੀ ਘਟਨਾ ਹੈ। 7 ਮਈ ਨੂੰ ਬੀ. ਐੱਸ. ਐੱਫ. ਨੇ ਇਸੇ ਇਲਾਕੇ ’ਚ ਇਕ ਪਾਕਿਸਤਾਨੀ ਡਰੋਨ ’ਤੇ ਗੋਲੀਆਂ ਚਲਾਈਆਂ ਸਨ।