ਮਣੀਪੁਰ 'ਚ BSF ਦੇ ਜਵਾਨ ਦੀ ਸ਼ਰਮਨਾਕ ਕਰਤੂਤ, ਵੀਡੀਓ ਵਾਇਰਲ ਹੋਣ ਮਗਰੋਂ ਕੀਤਾ ਮੁਅੱਤਲ
Wednesday, Jul 26, 2023 - 12:04 PM (IST)
ਨਵੀਂ ਦਿੱਲੀ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਬੀਤੇ ਹਫ਼ਤੇ ਅਸ਼ਾਂਤ ਮਣੀਪੁਰ 'ਚ ਇਕ ਰਾਸ਼ਨ ਦੀ ਦੁਕਾਨ 'ਤੇ ਇਕ ਸਥਾਨਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਆਪਣੇ ਜਵਾਨ ਨੂੰ ਮੁਅੱਤਲ ਕਰ ਦਿੱਤਾ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਵੀਡੀਓ 'ਚ ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਆਪਣੀ ਵਰਦੀ ਪਹਿਨੇ ਹੋਏ ਅਤੇ ਇੰਸਾਸ ਰਾਈਫ਼ਲ ਨਾਲ ਔਰਤ ਨਾਲ ਗਲਤ ਰਵੱਈਆ ਕਰਦੇ ਹੋਏ ਦਿੱਸ ਰਿਹਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੀ ਵੱਡੀ ਗਿਣਤੀ 'ਚ ਸਾਂਝਾ ਕੀਤਾ ਗਿਆ। ਬੀ.ਐੱਸ.ਐੱਫ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ 20 ਜੁਲਾਈ ਨੂੰ ਇੰਫਾਲ ਵੈਸਟ ਜ਼ਿਲ੍ਹੇ 'ਚ ਦਰਜ ਕੀਤੀ ਗਈ ਸੀ।
ਅਰਧ ਸੈਨਿਕ ਫ਼ੋਰਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ ਦੀ ਜਾਂਚ ਕੀਤੀ ਗਈ ਅਤੇ ਬਾਅਦ 'ਚ ਉਸੇ ਦਿਨ ਜਵਾਨ ਨੂੰ ਮੁਅੱਤਲ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਫ਼ੋਰਸ ਦੀ 100ਵੀਂ ਬਟਾਲੀਅਨ ਨਾਲ ਸੰਬੰਧਤ ਹੈੱਡ ਕਾਂਸਟੇਬਲ ਖ਼ਿਲਾਫ਼ ਕੋਰਟ ਆਫ਼ ਇਨਕੁਆਇਰੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜਵਾਨ ਨੂੰ ਪੂਰਬ-ਉੱਤਰ ਰਾਜ 'ਚ ਜਾਤੀ ਹਿੰਸਾ ਦੇ ਮੱਦੇਨਜ਼ਰ ਸੁਰੱਖਿਆ ਡਿਊਟੀ ਲਈ ਐਡਹਾਕ ਯੂਨਿਟ ਵਜੋਂ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੰਮਾਂ ਨੂੰ ਬੀ.ਐੱਸ.ਐੱਫ. ਬਿਲਕੁੱਲ ਬਰਦਾਸ਼ਤ ਨਹੀਂ ਕਰੇਗਾ ਅਤੇ ਇਸ ਮਾਮਲੇ 'ਚ ਨਿਰਪੱਖ ਜਾਂਚ ਕੀਤੀ ਜਾਵੇਗੀ। ਮਣੀਪੁਰ 'ਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ 'ਚ ਪਹਾੜੀ ਜ਼ਿਲ੍ਹਿਆਂ 'ਚ ਤਿੰਨ ਮਈ ਨੂੰ 'ਆਦਿਵਾਸੀ ਇਕਜੁਟਤਾ ਮਾਰਚ' ਦੇ ਆਯੋਜਨ ਤੋਂ ਬਾਅਦ ਰਾਜ 'ਚ ਭੜਕੀ ਜਾਤੀ ਹਿੰਸਾ 'ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8