ਮਣੀਪੁਰ ’ਚ ਫਾਇਰਿੰਗ, ਬੀ. ਐੱਸ. ਐੱਫ. ਦਾ ਜਵਾਨ ਜ਼ਖਮੀ
Saturday, Feb 17, 2024 - 07:53 PM (IST)
ਇੰਫਾਲ, (ਅਨਸ)- ਮਣੀਪੁਰ ਦੇ ਕਾਕਚਿੰਗ ਜ਼ਿਲੇ ’ਚ ਸ਼ਨੀਵਾਰ ਹੋਈ ਫਾਇਰਿੰਗ ’ਚ ਬੀ. ਐੱਸ. ਐੱਫ. ਦਾ ਇਕ ਜਵਾਨ ਜ਼ਖਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਹੈੱਡ ਕਾਂਸਟੇਬਲ ਸੋਮ ਦੱਤ (45) ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਪਿੰਡ ਸੁਗਾਨੂੰ ਵਿਖੇ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਹਥਿਆਰਬੰਦ ਵਿਅਕਤੀ ਪਿਛਲੇ ਤਿੰਨ ਦਿਨਾਂ ਤੋਂ ਪਿੰਡ ਸੁਗਾਨੂ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਉਨ੍ਹਾਂ ਸ਼ੁੱਕਰਵਾਰ ਰਾਤ ਪਹਾੜੀ ਖੇਤਰਾਂ ’ਤੇ ਫਾਇਰਿੰਗ ਕੀਤੀ। ਹਥਿਆਰਬੰਦ ਲੋਕਾਂ ਨੇ ਬੁੱਧਵਾਰ ਵੀ ਸੁਗਾਨੂ ਪਿੰਡ ’ਤੇ ਹਮਲਾ ਕੀਤਾ ਸੀ, ਜਿਸ ਪਿੱਛੋਂ ਇਲਾਕੇ ’ਚ ਤਾਇਨਾਤ ਪੇਂਡੂ ਵਾਲੰਟੀਅਰਾਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ ਸੀ।