ਵੱਖ-ਵੱਖ ਲੜਾਈ ਝਗੜਿਆਂ ’ਚ ਪਿਓ-ਪੁੱਤ ਸਮੇਤ 3 ਜ਼ਖਮੀ
Friday, Jan 17, 2025 - 05:53 AM (IST)
ਮੋਗਾ (ਆਜ਼ਾਦ) - ਮੋਗਾ ਜ਼ਿਲੇ ਦੇ ਕਸਬੇ ਕੋਟ ਈਸੇ ਖਾਂ ਅਤੇ ਚੱਕ ਸਿੰਘ ਪੁਰਾ ਵਿਚ ਹੋਏ ਵੱਖ-ਵੱਖ ਲੜਾਈ ਝਗੜਿਆਂ ਵਿਚ ਪਿਓ ਪੁੱਤ ਸਮੇਤ 3 ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਸੰਮੀ ਨਿਵਾਸੀ ਕੋਟ ਈਸੇ ਖਾਂ ਨੇ ਕਿਹਾ ਕਿ ਉਹ ਨਾਨ ਦੀ ਰੇਹੜੀ ਲਉਂਦਾ ਹੈ ਜਦਕਿ ਰੀਠਾ ਸਿੰਘ ਫਲਾਂ ਦੀ ਰੇਹੜੀ ਲਾਉਂਦਾ ਹੈ। ਕਰੀਬ 2-3 ਮਹੀਨੇ ਪਹਿਲਾਂ ਸਾਡਾ ਆਪਸੀ ਤਰਕਾਰ ਹੋਇਆ ਸੀ, ਜਿਸ ਕਾਰਣ ਰੀਠਾ ਕੁਮਾਰ ਮੇਰੇ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ।
ਉਸ ਨੇ ਕਿਹਾ ਕਿ ਜਦੋਂ ਬੀਤੀ 29 ਨਵੰਬਰ 2024 ਦੀ ਰਾਤ ਨੂੰ ਆਪਣੇ ਘਰ ਪਰਿਵਾਰ ਸਮੇਤ ਖਾਣਾ ਖਾ ਰਿਹਾ ਸੀ ਤਾਂ ਰੀਠਾ ਕੁਮਾਰ, ਮੰਨਾ ਸਿੰਘ, ਬਲਦੇਵ ਸਿੰਘ, ਲੱਡੂ ਸਿੰਘ, ਗੁਰਜੰਟ ਸਿੰਘ ਸਾਰੇ ਨਿਵਾਸੀ ਕੋਟ ਈਸੇ ਖਾਂ ਅਤੇ 15-20 ਅਣਪਛਾਤੇ ਵਿਅਕਤੀ ਸਾਡੇ ਘਰ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਆਉਂਦਿਆਂ ਹੀ ਮੈਂਨੂੰ ਅਤੇ ਮੇਰੇ ਲੜਕੇ ਨੂੰ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਦੀ ਭੰਨਤੋੜ ਵੀ ਕੀਤੀ। ਜਦੋਂ ਮੈਂ ਰੋਲਾ ਪਾਇਆ ਤਾਂ ਹਮਲਾਵਰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਮੈਂਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਸਬੰਧ ਵਿਚ ਕੋਟ ਈਸੇ ਖਾਂ ਪੁਲਸ ਵੱਲੋਂ ਸਾਰੇ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਨਛੱਤਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਡਾਕਟਰੀ ਰਿਪੋਰਟ ਆਉਣ ਦੇ ਬਾਅਦ ਕਥਿਤ ਮੁਲਜ਼ਮਾਂ ਖਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਪੁਲਸ ਚੌਕੀ ਕਮਾਲਕੇ ਅਧੀਨ ਪੈਂਦੇ ਪਿੰਡ ਚੱਕ ਸਿੰਘ ਪੁਰਾ ਵਿਖੇ ਪੁਰਾਣੀ ਰੰਜਿਸ਼ ਕਾਰਣ ਦੁੱਲਾ ਸਿੰਘ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਚੌਕੀ ਇੰਚਾਰਜ ਸਹਾਇਕ ਥਾਣੇਦਾਰ ਜਗਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਦੁੱਲਾ ਸਿੰਘ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਲਵਪ੍ਰੀਤ ਸਿੰਘ, ਉਸਦੀ ਪਤਨੀ ਸ਼ਰਨਜੀਤ ਕੌਰ, ਕਰਨੈਲ ਸਿੰਘ, ਕੋੜੋ ਬਾਈ ਸਾਰੇ ਨਿਵਾਸੀ ਚੱਕ ਸਿੰਘ ਪੁਰਾ ਨੇ ਰੰਜ਼ਿਸ਼ ਕਾਰਨ ਮੇਰੇ ’ਤੇ ਹਮਲਾ ਕੀਤਾ। ਇਸ ਸਬੰਧ ਵਿਚ ਕਥਿਤ ਮੁਲਜ਼ਮਾਂ ਖਿਲਾਫ ਥਾਣਾ ਧਰਮਕੋਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ।