ਹਰਿਆਣਾ: 12ਵੀਂ ’ਚ ਅੱਵਲ ਰਹੀ ਮਨੀਸ਼ਾ ਨੂੰ ਮਿਲੇਗਾ 21 ਹਜ਼ਾਰ ਰੁਪਏ ਦਾ ਨਕਦੀ ਪੁਰਸਕਾਰ
Thursday, Jul 23, 2020 - 05:57 PM (IST)
ਹਰਿਆਣਾ (ਵਾਰਤਾ)— ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਹਰਿਆਣਾ ਸਕੂਲ ਸਿੱਖਿਆ ਬੋਰਡ ’ਚ 12ਵੀਂ ਜਮਾਤ ’ਚ ਅੱਵਲ ’ਤੇ ਰਹੀ ਮਹਿੰਦਰਗੜ੍ਹ ਜ਼ਿਲ੍ਹੇ ਦੀ ਮਨੀਸ਼ਾ ਨੂੰ 21 ਹਜ਼ਾਰ ਰੁਪਏ ਅਤੇ ਜ਼ਿਲ੍ਹੇ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਵਿਦਿਆਰਥੀਆਂ ਲਈ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਯਾਦਵ ਨੇ ਮਨੀਸ਼ਾ ਦੇ ਮਾਪਿਆਂ ਨਾਲ ਫੋਨ ’ਤੇ ਗੱਲਬਾਤ ਕਰ ਕੇ ਧੀ ਦੀ ਇਸ ਉਪਲੱਬਧੀ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥਣ ਨੇ ਨਾ ਸਿਰਫ ਆਪਣੇ ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ, ਸਗੋਂ ਪੂਰੇ ਪ੍ਰਦੇਸ਼ ਵਿਚ ਆਪਣੀ ਸਫਲਤਾ ਦਾ ਝੰਡਾ ਲਹਿਰਾਉਂਦੇ ਹੋਏ ਸਾਰੀਆਂ ਧੀਆਂ ਨੂੰ ਸੰਦੇਸ਼ ਦਿੱਤਾ ਕਿ ਸਖ਼ਤ ਮਿਹਨਤ ਨਾਲ ਸਭ ਕੁਝ ਸੰਭਵ ਹੈ।
ਦੱਸ ਦੇਈਏ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਹਮਾ ਦੀ ਵਿਦਿਆਰਥਣ ਨੇ 500 ’ਚੋਂ 499 ਅੰਕ ਲੈ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹਨ। ਜੇਕਰ ਟੀਚੇ ਨੂੰ ਮਿੱਥ ਕੇ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਸਫਲਤਾ ਜ਼ਰੂਰ ਮਿਲੇਗੀ। ਮੰਤਰੀ ਨੇ ਮਹਿੰਦਰਗੜ੍ਹ ਜ਼ਿਲ੍ਹੇ ਵਿਚ ਪਹਿਲੇ ਸਥਾਨ ’ਤੇ ਆਉਣ ਵਾਲੇ ਲਈ 11 ਹਜ਼ਾਰ ਰੁਪਏ ਅਤੇ ਦੂਜੇ ਤੇ ਤੀਜੇ ਸਥਾਨ ਲਈ 5100-5100 ਰੁਪਏ ਦੇ ਨਕਦੀ ਪੁਰਸਕਾਰ ਦਾ ਐਲਾਨ ਕੀਤਾ ਹੈ।