ਆਪ੍ਰੇਸ਼ਨ ਲੋਟਸ: ਮੁੱਖ ਮੰਤਰੀ ਯੇਦੀਯੁਰੱਪਾ ਦਾ ਵੀਡੀਓ ਵਾਇਰਲ, ਮਚਿਆ ਘਮਾਸਾਨ

Sunday, Nov 03, 2019 - 12:36 PM (IST)

ਬੇਂਗਲੁਰੂ–ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦਾ ਇਕ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ, ਜਿਸ ਮੁਤਾਬਕ ਸੂਬੇ ਦੀ ਸਾਬਕਾ ਕਾਂਗਰਸ-ਜਨਤਾ ਦਲ (ਐੱਸ) ਦੀ ਗਠਜੋੜ ਸਰਕਾਰ ਨੂੰ ਡੇਗਣ ਲਈ ਬਾਗੀ ਵਿਧਾਇਕਾਂ ਦਾ ਸਿਆਸੀ ਨਾਟਕ ਕਥਿਤ ਤੌਰ ’ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਇਸ਼ਾਰੇ ’ਤੇ ਹੋਇਆ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਪਿੱਛੋਂ ਸਿਆਸੀ ਘਮਾਸਾਨ ਮਚ ਗਿਆ ਹੈ।

ਵੀਡੀਓ ਮੁਤਾਬਕ ਭਾਜਪਾ ਦੇ ਕੌਮੀ ਆਗੂ ਜਿਨ੍ਹਾਂ 'ਚ ਅਮਿਤ ਸ਼ਾਹ ਵੀ ਸ਼ਾਮਲ ਹਨ, ਦੇ ਨਿਰਦੇਸ਼ਾਂ ’ਤੇ ਕਰਨਾਟਕ 'ਚ ਕਾਂਗਰਸ-ਜਨਤਾ ਦਲ (ਐੱਸ) ਦੀ ਗੱਠਜੋੜ ਸਰਕਾਰ ਨੂੰ ਡੇਗਣ ਲਈ ‘ਆਪ੍ਰੇਸ਼ਨ ਲੋਟਸ’ ਚਲਾਇਆ ਗਿਆ ਸੀ। 7 ਮਿੰਟ ਦੀ ਉਕਤ ਵੀਡੀਓ 'ਚ ਯੇਦੀਯੁਰੱਪਾ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਗੱਠਜੋੜ ਸਰਕਾਰ ਦੇ 17 ਵਿਧਾਇਕਾਂ ਵਲੋਂ ਬਗਾਵਤ ਕਰਨ ਅਤੇ ਫਿਰ ਉਨ੍ਹਾਂ ਨੂੰ ਮੁੰਬਈ ਦੇ ਇਕ ਰਿਜ਼ਾਰਟ 'ਚ ਰੱਖਣ ਦੇ ਲਗਭਗ 2 ਮਹੀਨਿਆਂ ਦੇ ਸਿਆਸੀ ਡਰਾਮੇ ਦੀ ਜਾਣਕਾਰੀ ਅਮਿਤ ਸ਼ਾਹ ਨੂੰ ਸੀ। ਯੇਦੀਯੁਰੱਪਾ ਇਥੋਂ ਤੱਕ ਕਹਿੰਦੇ ਨਜ਼ਰ ਆਉਂਦੇ ਹਨ ਕਿ ਬਾਗੀ ਵਿਧਾਇਕ ਕਿਥੇ ਜਾਣਗੇ, ਕਿਥੇ ਠਹਿਰਣਗੇ, ਇਸ ਸਭ ਦੀ ਨਿਗਰਾਨੀ ਖੁਦ ਅਮਿਤ ਸ਼ਾਹ ਕਰ ਰਹੇ ਸਨ।

ਇਸ ਦੌਰਾਨ ਜਨਤਾ ਦਲ (ਐੱਸ) ਅਤੇ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਸ਼ੱਕ ਸਹੀ ਸਾਬਿਤ ਹੋਇਆ ਹੈ। ਸੂਬੇ 'ਚ ਜਨਤਾ ਦਲ (ਐੱਸ)-ਕਾਂਗਰਸ ਦੀ ਸਰਕਾਰ ਨੂੰ ਉਕਤ ਆਪ੍ਰੇਸ਼ਨ ਰਾਹੀਂ ਨਾ ਸਿਰਫ ਡੇਗਿਆ ਗਿਆ, ਸਗੋਂ ਇਕ ਘੱਟ ਗਿਣਤੀ ਸਰਕਾਰ ਵੀ ਬਣਾਈ ਗਈ। ਕਾਂਗਰਸ ਅਤੇ ਜਨਤਾ ਦਲ (ਐੱਸ) ਦੇ ਕਈ ਬਾਗੀ ਵਿਧਾਇਕਾਂ ਨੇ ਹਾਊਸ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਸੀ।

ਉਸ ਪਿੱਛੋਂ ਸਪੀਕਰ ਰਮੇਸ਼ ਕੁਮਾਰ ਨੇ ਉਨ੍ਹਾਂ ਦੇ ਅਸਤੀਫੇ ਪ੍ਰਵਾਨ ਕਰ ਕੇ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ। ਉਸ ਤੋਂ ਬਾਅਦ ਵਿਧਾਨ ਸਭਾ 'ਚ ਐੱਚ. ਡੀ. ਕੁਮਾਰਸਵਾਮੀ ਦੀ ਸਰਕਾਰ ਆਪਣਾ ਬਹੁਮਤ ਸਾਬਿਤ ਨਹੀਂ ਕਰ ਸਕੀ ਅਤੇ ਡਿੱਗ ਪਈ। ਫਿਰ ਭਾਜਪਾ ਨੇ ਆਪਣੀ ਸਰਕਾਰ ਬਣਾ ਲਈ ਕਿਉਂਕਿ ਉਸ ਕੋਲ ਆਜ਼ਾਦ ਵਿਧਾਇਕਾਂ ਦੀ ਹਮਾਇਤ ਤੋਂ ਬਾਅਦ 106 ਵਿਧਾਇਕ ਸਨ। ਬਹੁਮਤ ਲਈ 105 ਵਿਧਾਇਕ ਚਾਹੀਦੇ ਸਨ।

ਕਿਸੇ ਭਾਜਪਾ ਨੇਤਾ ਨੇ ਹੀ ਬਣਾਈ ਵੀਡੀਓ-
ਉਕਤ ਵੀਡੀਓ ਹੁਬਲੀ 'ਚ ਪਾਰਟੀ ਦੀ ਇਕ ਬੈਠਕ ਨੂੰ ਸੰਬੋਧਿਤ ਕਰਨ ਦੇ ਸਮੇਂ ਦੀ ਹੈ। ਮੰਨਿਆ ਜਾਂਦਾ ਹੈ ਕਿ ਉਸ ਬੈਠਕ 'ਚ ਮੌਜੂਦ ਕਿਸੇ ਭਾਜਪਾ ਆਗੂ ਨੇ ਹੀ ਇਸ ਦੀ ਵੀਡੀਓ ਬਣਾਈ ਅਤੇ ਹੁਣ ਉਸਨੂੰ ਵਾਇਰਲ ਕਰ ਦਿੱਤਾ।

ਸ਼ਾਹ ਤੇ ਯੇਦੀਯੁਰੱਪਾ ਦੇਣ ਅਸਤੀਫੇ : ਸਿੱਧਰਮਈਆ
 ਕਾਂਗਰਸੀ ਨੇਤਾ ਸਿੱਧਰਮਈਆ ਨੇ ਕਿਹਾ ਹੈ ਕਿ ਯੇਦੀਯੁਰੱਪਾ ਅਤੇ ਅਮਿਤ ਸ਼ਾਹ ਨੇ ਜੋ ਸਾਜ਼ਿਸ਼ ਰਚੀ, ਉਹ ਲੋਕਰਾਜ ਦੀ ਹੱਤਿਆ ਦੇ ਨਾਲ ਹੀ ਸੰਵਿਧਾਨ ਦੀ ਉਲੰਘਣਾ ਵੀ ਹੈ। ਯੇਦੀਯੁਰੱਪਾ ਨੂੰ ਕਰਨਾਟਕ ਦੇ ਮੁੱਖ ਮੰਤਰੀ ਅਤੇ ਅਮਿਤ ਸ਼ਾਹ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੇਣੇ ਚਾਹੀਦੇ ਹਨ।

ਕਾਂਗਰਸ ਜਾਏਗੀ ਸੁਪਰੀਮ ਕੋਰਟ
ਕਾਂਗਰਸੀ ਨੇਤਾ ਕੇ. ਸੀ. ਵੇਣੂਗੋਪਾਲ ਨੇ ਕਿਹਾ ਹੈ ਕਿ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਭਾਜਪਾ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਵਿਧਾਇਕਾਂ ਦੀ ਖਰੀਦ-ਵੇਚ ਕਰਦੀ ਰਹਿੰਦੀ ਹੈ। ਹੁਣ ਤਾਂ ਸਾਰੇ ਸ਼ੱਕ ਹੀ ਖਤਮ ਹੋ ਗਏ ਹਨ। ਅਸੀਂ ਸਬੂਤਾਂ ਨਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।

ਕੁਮਾਰਸਵਾਮੀ ਨੇ ਵਿੰਨ੍ਹਿਆ ਨਿਸ਼ਾਨਾ
ਜਨਤਾ ਦਲ (ਐੱਸ) ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਕਿਹਾ ਕਿ ਭਾਜਪਾ ਨੇ ਕਿਸ ਤਰ੍ਹਾਂ ਸੱਤਾ ਦੀ ਤਾਕਤ ਅਤੇ ਪੈਸਿਆਂ ਦੀ ਦੁਰਵਰਤੋਂ ਕੀਤੀ, ਦਾ ਭਾਂਡਾ ਭੱਜ ਗਿਆ ਹੈ। ਹੁਣ ਲੋਕਾਂ ਸਾਹਮਣੇ ਸਾਰੀ ਸੱਚਾਈ ਸਾਹਮਣੇ ਆ ਗਈ ਹੈ।


Iqbalkaur

Content Editor

Related News