ਦਿਓਰ ਨੇ ਕੀਤਾ ਜਬਰ-ਜ਼ਨਾਹ, ਪਤੀ ਬੋਲਿਆ ''ਮੇਰੇ ਤੇ ਭਰਾ ''ਚ ਕੀ ਹੈ ਫਰਕ''
Friday, Nov 22, 2019 - 10:51 AM (IST)
![ਦਿਓਰ ਨੇ ਕੀਤਾ ਜਬਰ-ਜ਼ਨਾਹ, ਪਤੀ ਬੋਲਿਆ ''ਮੇਰੇ ਤੇ ਭਰਾ ''ਚ ਕੀ ਹੈ ਫਰਕ''](https://static.jagbani.com/multimedia/2019_11image_10_50_520104080sad.jpg)
ਦੱਖਣੀ ਦਿੱਲੀ (ਅਭਿਸ਼ੇਕ ਤਿਵਾੜੀ)— ਸਹੁਰੇ ਘਰ ਸੱਸ-ਸਹੁਰੇ, ਨਨਾਣ ਅਤੇ ਪਤੀ ਦੀ ਕੁੱਟਮਾਰ ਤੇ ਜਬਰ ਦੀ ਸ਼ਿਕਾਰ ਇਕ ਔਰਤ ਕਿਸੇ ਤਰ੍ਹਾਂ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਸਕਾ ਦਿਓਰ ਹੀ ਉਸ ਨੂੰ ਭੈੜੀਆਂ ਨਜ਼ਰਾਂ ਨਾਲ ਦੇਖਦਾ ਸੀ ਅਤੇ ਇਕ ਦਿਨ ਮੌਕੇ ਦਾ ਫਾਇਦਾ ਉਠਾ ਕੇ ਦੋਸ਼ੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਔਰਤ ਨੇ ਜਦੋਂ ਇਸ ਦੀ ਸ਼ਿਕਾਇਤ ਆਪਣੇ ਪਤੀ ਕੋਲ ਕੀਤੀ ਤਾਂ ਉਸ ਦਾ ਪਤੀ ਉਲਟ ਉਸ 'ਤੇ ਵਰ੍ਹ ਪਿਆ ਅਤੇ ਕਿਹਾ, ''ਮੇਰੇ ਅਤੇ ਮੇਰੇ ਭਰਾ 'ਚ ਕੀ ਫਰਕ ਹੈ?'' ਔਰਤ ਨੇ ਜਦੋਂ ਆਵਾਜ਼ ਚੁੱਕਣੀ ਚਾਹੀ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਸ ਨੂੰ ਘਰ ਵਿਚੋਂ ਬੇਦਖਲ ਕਰ ਦਿੱਤਾ ਗਿਆ। ਬੇਵੱਸ ਔਰਤ ਆਪਣੇ ਪੇਕੇ ਪਹੁੰਚੀ ਤੇ ਕੁਝ ਦਿਨ ਤਾਂ ਉਸ ਨੇ ਗੱਲ ਨੂੰ ਲੁਕਾਉਣ ਦਾ ਯਤਨ ਕੀਤਾ ਤੇ ਫਿਰ ਇਕ ਦਿਨ ਉਸ ਨੇ ਹੌਂਸਲਾ ਕਰ ਕੇ ਜੈਤਪੁਰ ਥਾਣੇ ਵਿਚ ਜਾ ਕੇ ਰਿਪੋਰਟ ਲਿਖਵਾ ਦਿੱਤੀ।
10 ਦਿਨ ਬਾਅਦ ਵੀ ਦਰਜ ਨਹੀਂ ਹੋਈ ਐੱਫ. ਆਈ. ਆਰ.
ਇਸ ਪੂਰੇ ਮਾਮਲੇ ਵਿਚ ਜੈਤਪੁਰ ਪੁਲਸ ਦਾ ਰਵੱਈਆ ਸਭ ਤੋਂ ਵਧ ਹੈਰਾਨੀਜਨਕ ਹੈ। ਮਾਮਲੇ ਵਿਚ ਪੀੜਤ ਔਰਤ ਨੇ 9 ਨਵੰਬਰ ਨੂੰ ਥਾਣੇ ਵਿਚ ਲਿਖਤੀ ਸ਼ਿਕਾਇਤ ਕੀਤੀ ਸੀ ਅਤੇ ਨਾਲ ਹੀ ਹੋਕਾ ਦਿੱਤਾ ਸੀ ਕਿ ਮੁਲਜ਼ਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰ ਕਾਰਵਾਈ ਤਾਂ ਕਿਤੇ ਦੂਰ ਦੀ ਗੱਲ, 10 ਦਿਨ ਲੰਘ ਜਾਣ ਤੋਂ ਬਾਅਦ ਵੀ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ। ਮਾਮਲਾ ਦਰਜ ਕਰਵਾਉਣ ਲਈ ਪੀੜਤ ਔਰਤ ਥਾਣੇ ਵਿਚ ਲਗਾਤਾਰ ਗੇੜੇ ਕੱਢਦੀ ਰਹੀ। ਕਈ ਵਾਰ ਥਾਣੇ ਦੇ ਐੱਸ. ਐੱਚ. ਓ. ਨੂੰ ਬੇਨਤੀਆਂ ਕਰਦੀ ਰਹੀ ਪਰ ਪੁਲਸ ਅਧਿਕਾਰੀ ਮਾਮਲਾ ਦਰਜ ਕਰਨ ਤੋਂ ਕਤਰਾਉਂਦੇ ਰਹੇ। ਔਰਤ ਨੇ ਹੁਣ ਪੁਲਸ ਵਿਰੁੱਧ ਦੋਸ਼ੀਆਂ ਨਾਲ ਮਿਲੀਭੁਗਤ ਦਾ ਇਲਜ਼ਾਮ ਲਾਇਆ ਹੈ। ਪੁਲਸ ਵਿਰੁੱੱਧ ਲੱਗੇ ਇਲਜ਼ਾਮਾਂ ਬਾਰੇ ਜਦੋਂ ਪੁਲਸ ਦੇ ਜ਼ਿਲਾ ਡਿਪਟੀ ਕਮਿਸ਼ਨਰ ਤੋਂ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ।
ਨਰਕ ਬਣਿਆ ਹੋਇਆ ਸੀ ਸਹੁਰਾ ਘਰ
ਪੀੜਤ ਔਰਤ ਨੇ ਆਪਬੀਤੀ ਦੱਸਦੇ ਹੋਏ ਕਿਹਾ ਕਿ ਉਸ ਦਾ ਵਿਆਹ 3 ਦਸੰਬਰ 2016 ਨੂੰ ਹੋਇਆ ਸੀ। ਵਿਆਹ ਤੋਂ ਇਕ ਸਾਲ ਤਕ ਤਾਂ ਸਭ ਕੁਝ ਠੀਕ-ਠਾਕ ਰਿਹਾ ਪਰ ਸਾਲ ਪਿੱਛੋਂ ਉਸ ਦੇ ਸਹੁਰੇ ਘਰ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਅਕਸਰ ਉਸ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਹੋਣ ਲੱਗ ਪਈ। ਫਿਰ ਹੌਲੀ-ਹੌਲੀ ਸੱਸ, ਸਹੁਰੇ, ਨਨਾਣ ਨਾਲ ਮਿਲ ਕੇ ਉਸ ਦਾ ਪਤੀ ਵੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਿਆ। ਇਸ ਜਬਰ ਦੌਰਾਨ ਉਸ ਦਾ ਦਿਓਰ ਉਸ ਨਾਲ ਇਕੱਲੇ ਹੋਣ ਸਮੇਂ ਛੇੜਖਾਣੀ ਕਰਨ ਲੱਗ ਪਿਆ। ਔਰਤ ਨੇ ਜਦੋਂ ਘਰ ਵਾਲਿਆਂ ਨੂੰ ਇਸ ਕਾਰੇ ਬਾਰੇ ਦੱਸਿਆ ਤਾਂ ਕਿਸੇ ਨੇ ਵੀ ਉਸ ਦੀ ਗੱਲ 'ਤੇ ਯਕੀਨ ਨਹੀਂ ਕੀਤਾ ਤੇ ਦੋਸ਼ੀ ਨੇ ਇਕ ਦਿਨ ਉਸ ਨਾਲ ਜਬਰ-ਜ਼ਨਾਹ ਕੀਤਾ। ਇੰਨਾ ਹੀ ਨਹੀਂ, ਉਸ ਨੇ ਔਰਤ ਦੀ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ ਤੇ ਫੋਟੋਆਂ ਵੀ ਖਿੱਚ ਲਈਆਂ। ਫਿਰ ਉਹ ਲਗਾਤਾਰ ਉਸ ਨੂੰ ਸੋਸ਼ਲ ਮੀਡੀਆ ਵਿਚ ਪਾਉਣ ਦੀਆਂ ਧਮਕੀਆਂ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਔਰਤ ਨੇ ਜਦੋਂ ਪਤੀ ਤੇ ਸੱਸ ਨੂੰ ਇਸ ਬਾਰੇ ਦੱਸਿਆ ਤਾਂ ਉਸ ਨਾਲ ਕੁੱਟਮਾਰ ਕੀਤੀ ਤੇ ਘਰੋਂ ਕੱਢ ਦਿੱਤਾ ਗਿਆ। ਹੁਣ ਇਹ ਔਰਤ ਇਨਸਾਫ ਲਈ ਦਰ-ਦਰ ਭਟਕ ਰਹੀ ਹੈ।