ਬੱਚਿਆਂ ਦੀ ਪਰੇਸ਼ਾਨੀ ਹੋਵੇਗੀ ਦੂਰ, ਓਡੀਸ਼ਾ ’ਚ TV ’ਤੇ ਆਨਲਾਈਨ ਜਮਾਤਾਂ ਪ੍ਰਸਾਰਿਤ ਕਰਨ ਦੀ ਪਹਿਲ
Thursday, Jul 08, 2021 - 01:36 PM (IST)
ਬਹਰਾਮਪੁਰ (ਭਾਸ਼ਾ)— ਜਿਨ੍ਹਾਂ ਵਿਦਿਆਰਥੀਆਂ ਨੂੰ ਨੈੱਟਵਰਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹਨ, ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਓਡੀਸ਼ਾ ’ਚ ਪਹਿਲ ਕੀਤੀ ਗਈ ਹੈ। ਓਡੀਸ਼ਾ ਦੇ ਗੰਜਮ ਜ਼ਿਲ੍ਹੇ ’ਚ ਇਕ ਮੰਡਲ ਸਿੱਖਿਆ ਅਧਿਕਾਰੀ ਨੇ ਸਥਾਨਕ ਕੇਬਲ ਨੈੱਟਵਰਕ ਜ਼ਰੀਏ ਆਨਲਾਈਨ ਜਮਾਤਾਂ ਦਾ ਪ੍ਰਸਾਰਣ ਕਰਨ ਦੀ ਪਹਿਲ ਕੀਤੀ ਹੈ। ਛਤਰਪੁਰ ਦੇ ਬੀ. ਈ. ਓ. ਅਵਿਨਾਸ਼ ਸਤਪਤੀ ਨੇ ਕਿਹਾ ਕਿ ਯੂ-ਟਿਊਬ ਜਮਾਤਾਂ ’ਤੇ ਬਣਾਏ ਗਏ ਵੀਡੀਓ ਕੇਬਲ ਆਪਰੇਟਰਾਂ ਨੂੰ ਦਿੱਤੇ ਜਾਣਗੇ ਅਤੇ ਇਨ੍ਹਾਂ ਨੂੰ ਤੈਅ ਸਮੇਂ ’ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਜਮਾਤ ਲਾ ਸਕਣਗੇ ਕਿਉਂਕਿ ਲੱਗਭਗ ਹਰ ਘਰ ’ਚ ਟੀ. ਵੀ. ਅਤੇ ਕੇਬਲ ਕੁਨੈਕਸ਼ਨ ਹਨ।
ਸਤਪਤੀ ਨੇ ਕਿਹਾ ਕਿ ਅਸੀਂ ਸਬੰਧਤ ਮੰਡਲ ਅਧਿਕਾਰੀਆਂ ਜ਼ਰੀਏ ਛਤਰਪੁਰ, ਖਾਲੀਕੋਤੇ ਅਤੇ ਗੰਜਮ ’ਚ ਸਥਾਨਕ ਕੇਬਲ ਆਪਰੇਟਰਾਂ ਅਤੇ ਸਰਪੰਚਾਂ ਨਾਲ ਚਰਚਾ ਕੀਤੀ ਹੈ। ਜਮਾਤਾਂ ਅਗਲੇ ਤਿੰਨ ਤੋਂ ਚਾਰ ਦਿਨਾਂ ਵਿਚ ਪ੍ਰਸਾਰਿਤ ਹੋਣੀਆਂ ਸ਼ੁਰੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮਾਤਾ-ਪਿਤਾ ਨਾਲ ਗੱਲ ਕਰਨ ਅਤੇ ਵਿਦਿਆਰਥੀਆਂ ਦੀ ਸਹੂਲਤ ਮੁਤਾਬਕ ਜਮਾਤਾਂ ਦੇ ਪ੍ਰਸਾਰਣ ਦਾ ਸਮਾਂ ਤੈਅ ਕੀਤਾ ਜਾਵੇਗਾ। ਇਹ ਜਮਾਤਾਂ ਕਈ ਵਾਰ ਪ੍ਰਸਾਰਿਤ ਕੀਤੀਆਂ ਜਾਣਗੀਆਂ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਬੱਚਿਆਂ ਦੀਆਂ ਜਮਾਤਾਂ ਛੂਟਣ ਨਾ।