ਬ੍ਰਿਟਿਸ਼ PM ਨੇ ਰਾਜਘਾਟ ’ਤੇ ਬਾਪੂ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨਗੇ ਬੈਠਕ
Friday, Apr 22, 2022 - 12:04 PM (IST)

ਨਵੀਂ ਦਿੱਲੀ– ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਭਾਰਤ ਯਾਤਰਾ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬੋਰਿਸ ਜਾਨਸਨ ਨੂੰ ਇੱਥੇ ਗਾਰਡ ਆਫ ਆਨਰ ਨਾਲ ਵੀ ਨਵਾਜਿਆ ਗਿਆ। ਇਸ ਦੌਰਾਨ ਬੋਰਿਸ ਨੇ ਕਿਹਾ ਕਿ ਉਨ੍ਹਾਂ ਇਸ ਤਰ੍ਹਾਂ ਦਾ ਇੰਨਾ ਸ਼ਾਨਦਾਰ ਅਤੇ ਪਰੰਪਰਾਗਤ ਸਵਾਗਤ ਕਦੇ ਨਹੀਂ ਦੇਖਿਆ।
ਇਸ ਦੌਰਾਨ ਉਨ੍ਹਾਂ ਹੋਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਭਵਨ ’ਚ ਪੀ.ਐੱਮ. ਮੋਦੀ ਅਤੇ ਕੇਂਦਰੀ ਕੈਬਨਿਟ ਨਾਲ ਮੁਲਾਕਾਤ ਤੋਂ ਬਾਅਦ ਬ੍ਰਿਟਿਸ਼ ਪੀ.ਐੱਮ. ਬੋਰਿਸ ਜਾਨਸਨ ਰਾਜਘਾਟ ਲਈ ਰਵਾਨਾ ਹੋਏ ਅਤੇ ਇੱਥੇ ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਸ਼ਰਧਾਂਜਲੀ ਅਰਪਿਤ ਕੀਤੀ।
ਪੀ.ਐੱਮ. ਮੋਦੀ ਨਾਲ ਬੈਠਕ ਕਰਨਗੇ ਜਾਨਸਨ
ਬੋਰਿਸ ਜਾਨਸਨ ਅੱਜ ਪੀ.ਐੱਮ. ਮੋਦੀ ਨਾਲ ਬੈਠਕ ਕਰਨਗੇ। ਦੋਵਾਂ ਨੇਤਾਵਾਂ ਵਿਚਾਲੇ ਯੂਕ੍ਰੇਨ ਸੰਕਟ ਸਮੇਤ ਕਈ ਮੁੱਦਿਆਂ ’ਤੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਸਦੀ ਮੁਲਾਕਾਤ ਦੇ ਏਜੰਡੇ ਬਾਰੇ ਪੁੱਛੇ ਜਾਣ ’ਤੇ ਵੀਰਵਾਰ ਨੂੰ ਜਾਨਸਨ ਨੇ ਅਹਿਮਦਾਬਾਦ ’ਚ ਮੀਡੀਆ ਨੂੰ ਕਿਹਾ ਸੀ ਕਿ ਹਾਂ ਮੈਂ ਸਾਡੇ ਵਿਚਕਾਰ ਹੋਣ ਵਾਲੀ ਗੱਲਬਾਤ ਨੂੰ ਲੈ ਕੇ ਉਤਸ਼ਾਹਿਤ ਹਾਂ। ਅਸੀਂ ਵਪਾਰਕ, ਸੁਰੱਖਿਆ ਅਤੇ ਹੋਰ ਮਹੱਤਵਪੂਰਨ ਮੁੱਦਿਆਂ ’ਤੇ ਗੱਲ ਕਰਾਂਗੇ।