ਲੁਟੇਰੀ ਲਾੜੀ: ਪਹਿਲੇ ਪਤੀ ਤੋਂ ਠੱਗੇ 1 ਕਰੋੜ, ਦੂਜੇ ਤੋਂ 45 ਲੱਖ, ਤੀਜੇ ਨਾਲ ਭੱਜੀ US

8/7/2020 8:39:17 PM

ਰਾਂਚੀ - ਝਾਰਖੰਡ ਦੇ ਚਤਰਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੇ ਇਟਖੋਰੀ ਦੀ ਰਹਿਣ ਵਾਲੀ ਪ੍ਰਿਅੰਕਾ ਕੁਮਾਰੀ 'ਤੇ ਸ਼ਾਦੀ ਡਾਟ ਕਾਮ ਦੇ ਜ਼ਰੀਏ ਇੱਕ ਨਹੀਂ ਸਗੋਂ ਤਿੰਨ ਨੌਜਵਾਨਾਂ ਤੋਂ ਠੱਗੀ ਅਤੇ ਵਿਦੇਸ਼ ਭੱਜਣ ਦਾ ਦੋਸ਼ ਹੈ। ਪ੍ਰਿਅੰਕਾ ਇੰਨੀ ਸ਼ਾਤਿਰ ਸੀ ਕਿ ਉਸ ਨੇ ਵੱਖ-ਵੱਖ ਸੂਬਿਆਂ ਦੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਲੱਖਾਂ ਰੁਪਏ ਠੱਗ ਲਏ। 

ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਸ਼ਾਦੀ ਡਾਟ ਕਾਮ ਰਾਹੀਂ ਸਭ ਤੋਂ ਪਹਿਲਾਂ ਗਿਰਿਡੀਹ ਦੇ ਨਿਲਏ ਕੁਮਾਰ ਨਾਮ ਦੇ ਨੌਜਵਾਨ ਨਾਲ ਸੰਪਰਕ 'ਚ ਆਈ ਅਤੇ ਉਸ ਦੇ ਨਾਲ ਰਾਂਚੀ 'ਚ ਵਿਆਹ ਕੀਤਾ। ਦੋ ਸਾਲ ਬਾਅਦ ਨਿਲਏ ਅਤੇ ਪ੍ਰਿਅੰਕਾ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਪ੍ਰਿਅੰਕਾ ਨੇ ਨਿਲਏ ਤੋਂ ਇੱਕ ਕਰੋੜ ਰੁਪਏ ਠੱਗੇ ਅਤੇ ਗਾਇਬ ਹੋ ਗਈ।

ਕੁੱਝ ਦਿਨ ਬਾਅਦ ਮੁੜ ਸ਼ਾਦੀ ਡਾਟ ਕਾਮ 'ਤੇ ਪ੍ਰਿਅੰਕਾ ਨੇ ਆਪਣੇ ਆਪ ਨੂੰ ਅਣਵਿਆਹੀ ਦੱਸਦੇ ਹੋਏ ਗੁਜਰਾਤ ਦੇ ਰਾਜਕੋਟ 'ਚ ਅਮਿਤ ਮੋਦੀ ਨਾਮ ਦੇ ਨੌਜਵਾਨ ਨੂੰ ਫਸਾਇਆ ਅਤੇ ਵਿਆਹ ਕਰਕੇ ਉਸ ਦੇ ਨਾਲ ਰਹਿਣ ਲੱਗੀ। ਪਰਿਵਾਰ ਦੀ ਆਰਥਿਕ ਤੰਗੀ ਦਾ ਹਵਾਲਾ ਦੇ ਕੇ ਉਸ ਨੇ ਅਮਿਤ ਤੋਂ ਕਰੀਬ 40 ਤੋਂ 45 ਲੱਖ ਰੁਪਏ ਲਏ।

ਫਿਰ ਅਮਿਤ ਮੋਦੀ ਨਾਲ ਕੁੱਝ ਮਹੀਨੇ ਰਹਿਣ ਤੋਂ ਬਾਅਦ ਪ੍ਰਿਅੰਕਾ ਨੇ ਦੱਸਿਆ ਕਿ ਉਸ ਦੀ ਭੈਣ ਨੂੰ ਦਿੱਲੀ 'ਚ ਸ਼ਿਫਟ ਕਰਨਾ ਹੈ। ਇਸ ਲਈ ਉਸ ਨੂੰ ਦਿੱਲੀ ਜਾਣਾ ਹੋਵੇਗਾ। ਇਸ ਤੋਂ ਬਾਅਦ ਲਾੜੀ ਦਿੱਲੀ ਦੇ ਨਾਮ ਤੋਂ ਘਰੋਂ ਨਿਕਲੀ ਅਤੇ ਵਾਪਸ ਹੀ ਨਹੀਂ ਆਈ। ਅਮਿਤ ਨੂੰ ਬਾਅਦ 'ਚ ਪਤਾ ਲੱਗਾ ਕਿ 29 ਦਸੰਬਰ 2018 ਨੂੰ ਪ੍ਰਿਅੰਕਾ ਨੇ ਪੁਣੇ ਦੇ ਸੁਮਿਤ ਦਸ਼ਰਥ ਪਵਾਰ ਨਾਮ ਦੇ ਸ਼ਖਸ ਨਾਲ ਵਿਆਹ ਕਰ ਲਿਆ ਹੈ ਅਤੇ ਉਸ ਦੇ ਨਾਲ ਉਹ ਕੈਲੀਫੋਰਨੀਆ ਚੱਲੀ ਗਈ।

ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਸੁਮਿਤ ਦੀ ਮਾਂ ਨੇ ਪ੍ਰਿਅੰਕਾ ਦੇ ਮੋਬਾਈਲ 'ਤੇ ਅਮਿਤ ਦੀ ਕਾਲ ਦੇਖੀ। ਸੁਮਿਤ ਦੀ ਮਾਂ ਨੇ ਅਮਿਤ ਦੇ ਨਾਲ ਪ੍ਰਿਅੰਕਾ ਦੀ ਫੋਟੋ ਦੇਖੀ। ਜਦੋਂ ਸੁਮਿਤ ਦੀ ਮਾਂ ਨੇ ਅਮਿਤ ਨੂੰ ਫੋਨ ਕਰ ਪ੍ਰਿਅੰਕਾ ਬਾਰੇ ਜਾਣਕਾਰੀ ਲਈ ਤਾਂ ਸੱਚਾਈ ਸਾਹਮਣੇ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਪੁਣੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਸ਼ੁਰੂ ਹੋਈ। ਇਸ ਤੋਂ ਬਾਅਦ ਲਾੜੀ ਦੇ ਤਾਰ ਰਾਜਕੋਟ ਅਤੇ ਚਤਰਾ ਜ਼ਿਲ੍ਹੇ ਨਾਲ ਜੁੜੇ। ਇਟਖੋਰੀ ਥਾਣਾ ਇੰਚਾਰਜ ਸਚਿਨ ਦਾਸ ਨੇ ਦੱਸਿਆ ਕਿ ਪੁਣੇ ਪੁਲਸ ਨੇ ਇਸ ਮਾਮਲੇ 'ਚ ਚਤਰਾ ਪੁਲਸ ਤੋਂ ਜਾਂਚ ਕਰਨ ਨੂੰ ਕਿਹਾ ਹੈ। ਨਾਲ ਹੀ ਪਾਸਪੋਰਟ ਦਫ਼ਤਰ 'ਚ ਗਲਤ ਜਾਣਕਾਰੀ ਦਿੱਤੇ ਜਾਣ ਨੂੰ ਲੈ ਕੇ ਪ੍ਰਿਅੰਕਾ 'ਤੇ ਲੱਗੇ ਦੋਸ਼ਾਂ ਦੀ ਜਾਂਚ ਹੋ ਰਹੀ ਹੈ।
 


Inder Prajapati

Content Editor Inder Prajapati