ਬ੍ਰਾਜ਼ੀਲ ਖਰੀਦੇਗਾ ਭਾਰਤ ਤੋਂ ''Akash'' ! ਆਪ੍ਰੇਸ਼ਨ ਸਿੰਦੂਰ ''ਚ ''ਆਕਾਸ਼'' ਨੇ ਦਿਖਾਈ ਸੀ ਤਾਕਤ
Tuesday, Jul 01, 2025 - 12:07 PM (IST)

ਨੈਸ਼ਨਲ ਡੈਸਕ : ਭਾਰਤ ਦਾ ਦੇਸੀ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਆਕਾਸ਼ ਏਅਰ ਡਿਫੈਂਸ ਸਿਸਟਮ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਧਾਕ ਬਣਾ ਰਿਹਾ ਹੈ। ਬ੍ਰਾਜ਼ੀਲ ਨੇ ਇਸ ਸਿਸਟਮ ਵਿੱਚ ਗਹਿਰੀ ਦਿਲਚਸਪੀ ਦਿਖਾਈ ਹੈ ਅਤੇ ਨਾ ਸਿਰਫ ਇਸ ਦੀ ਖਰੀਦ, ਸਗੋਂ ਭਾਰਤ ਨਾਲ ਮਿਲ ਕੇ ਇਸਦੇ ਉਤਪਾਦਨ ਬਾਰੇ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਬ੍ਰਾਜ਼ੀਲ ਨੇ ਭਾਰਤ ਦੇ ਆਕਾਸ਼ ਸਿਸਟਮ ਨੂੰ ਚੀਨ ਦੇ Sky Dragon ਉੱਤੇ ਤਰਜੀਹ ਦਿੱਤੀ ਹੈ। ਇਹ ਫੈਸਲਾ ਉਸ ਤੋਂ ਬਾਅਦ ਆਇਆ ਜਦੋਂ ਬ੍ਰਾਜ਼ੀਲ ਦੇ ਰੱਖਿਆ ਵਿਭਾਗ ਦੀ ਟੀਮ ਨੇ ਭਾਰਤ ਆ ਕੇ ਆਕਾਸ਼ ਦਾ ਲਾਈਵ ਡੈਮੋ ਵੇਖਿਆ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਪੀ. ਕੁਮਾਰਨ ਨੇ ਦੱਸਿਆ ਕਿ ਬ੍ਰਾਜ਼ੀਲ ਇਸ ਪ੍ਰਣਾਲੀ ਦੀ ਸਿਰਫ ਖਰੀਦ ਨਹੀਂ, ਸਗੋਂ ਸਾਂਝੇ ਤੌਰ 'ਤੇ ਉਤਪਾਦਨ ਵਿੱਚ ਵੀ ਰੁਚੀ ਰੱਖਦਾ ਹੈ। ਉਮੀਦ ਹੈ ਕਿ ਜੁਲਾਈ 2025 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬ੍ਰਾਜ਼ੀਲ ਦੌਰੇ ਦੌਰਾਨ ਇਸ ਸਬੰਧੀ ਉੱਚ ਪੱਧਰੀ ਚਰਚਾ ਹੋਵੇਗੀ। ਮੋਦੀ 5 ਤੋਂ 8 ਜੁਲਾਈ ਤੱਕ ਰਿਓ ਡੀ ਜਨੇਰਿਓ ਵਿੱਚ ਹੋਣ ਵਾਲੇ 17ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ।
ਦੋਹਾਂ ਦੇ ਵਿਚਕਾਰ ਹੋਰ ਰੱਖਿਆ ਖੇਤਰਾਂ ਵਿੱਚ ਵੀ ਸਾਂਝਾਂ ਮਜ਼ਬੂਤ ਹੋ ਰਹੀਆਂ ਹਨ। Scorpene-Class ਜਹਾਜ਼ਾਂ ਦੀ ਸਾਂਝੀ ਮੁਰੰਮਤ, ਬ੍ਰਾਜ਼ੀਲ ਦੀ ਤੇਜਸ ਲੜਾਕੂ ਜਹਾਜ਼ ਵਿੱਚ ਦਿਲਚਸਪੀ, ਅਤੇ ਭਾਰਤ ਵੱਲੋਂ C-390 Millennium ਟਰਾਂਸਪੋਰਟ ਏਅਰਕ੍ਰਾਫਟ ਨੂੰ ਅਪਣਾਉਣ ਦੀ ਸੰਭਾਵਨਾ 'ਤੇ ਵੀ ਗੱਲਬਾਤ ਜਾਰੀ ਹੈ। ਇਸ ਦੇ ਨਾਲ ਹੀ ਮਿਸਾਈਲ, ਗਾਈਡਡ ਮਿਊਨਿਸ਼ਨ, ਇਲੈਕਟ੍ਰਾਨਿਕ ਵਾਰਫੇਅਰ ਸਿਸਟਮ, ਨੇਵਲ ਪਲੇਟਫਾਰਮ ਅਤੇ ਸਮਾਲ ਆਰਮਜ਼ ਦੇ ਖੇਤਰਾਂ ਵਿੱਚ ਸਾਂਝੇ ਵਿਕਾਸ ਅਤੇ ਤਕਨੀਕੀ ਸਹਿਯੋਗ ਦੀ ਯੋਜਨਾ ਬਣ ਰਹੀ ਹੈ।
ਉਦਯੋਗਿਕ ਪੱਧਰ 'ਤੇ ਵੀ ਸਾਂਝ ਮਜ਼ਬੂਤ ਹੋ ਰਹੀ ਹੈ। ਭਾਰਤੀ ਕੰਪਨੀਆਂ MKU ਅਤੇ SMPP ਬ੍ਰਾਜ਼ੀਲ ਵਿੱਚ ਬੁਲੇਟ ਪ੍ਰੂਫ ਜੈਕਟਾਂ ਅਤੇ ਹੋਰ ਸੁਰੱਖਿਆ ਉਪਕਰਣ ਸਪਲਾਈ ਕਰ ਰਹੀਆਂ ਹਨ, ਜਦਕਿ ਬ੍ਰਾਜ਼ੀਲ ਦੀਆਂ ਵੱਡੀਆਂ ਕੰਪਨੀਆਂ ਜਿਵੇਂ ਕਿ Taurus Armas ਅਤੇ CBC ਹੁਣ ਭਾਰਤ ਵਿੱਚ ਨਿਵੇਸ਼ ਵਧਾ ਰਹੀਆਂ ਹਨ। ਇਹ ਸਾਰਾ ਵਿਕਾਸ ਭਾਰਤ ਦੀ "ਮੇਕ ਇਨ ਇੰਡੀਆ" ਅਤੇ ਰੱਖਿਆ ਨਿਰਯਾਤ ਨੀਤੀ ਲਈ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e