ਦੂਜਿਆਂ ਨੂੰ ਬ੍ਰਹਮਚਾਰੀ ਦਾ ਪਾਠ ਪੜ੍ਹਾਉਣ ਵਾਲਾ ਖੁਦ ਹੀ ਫਸ ਗਿਆ ਹਨੀਟ੍ਰੈਪ ’ਚ
Wednesday, Sep 21, 2022 - 03:35 PM (IST)
ਨਵੀਂ ਦਿੱਲੀ– ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਦਿੱਲੀ ਦੇ ਸਾਬਕਾ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਦੇ ਨਾਂ ’ਤੇ 52 ਸਾਲ ਦੇ ਇੱਕ ਕਾਰੋਬਾਰੀ ਨੂੰ ਹਨੀਟ੍ਰੈਪ ਦਾ ਸ਼ਿਕਾਰ ਬਣਾਇਆ ਗਿਆ। ਹੈਰਾਨੀ ਦੀ ਗੱਲ ਹੈ ਕਿ ਇਹ ਵਪਾਰੀ ਖੁਦ ਦੂਜਿਆਂ ਨੂੰ ਬ੍ਰਹਮਚਾਰੀ ਦਾ ਪਾਠ ਪੜ੍ਹਾਉਂਦਾ ਸੀ। ਫਿਲਹਾਲ ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ। ਬਲੈਕਮੇਲਿੰਗ ਤੋਂ ਪ੍ਰੇਸ਼ਾਨ ਖੰਡਵਾ ਦੀ ਸਾਧੀ ਕਾਲੋਨੀ ਦੇ ਰਹਿਣ ਵਾਲੇ ਇਕ ਵਪਾਰੀ ਨੇ ਮੋਘਾਟ ਰੋਡ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ।
ਉਸ ਨੇ ਸ਼ਿਕਾਇਤ ’ਚ ਦੱਸਿਆ ਕਿ ਉਹ ਵ੍ਹਟਸਐਪ ਦੇ 16 ਗਰੁੱਪਾਂ ’ਤੇ ਬ੍ਰਹਮਚਾਰੀ ਦਾ ਪਾਠ ਪੜ੍ਹਾਉਂਦਾ ਹੈ। ਜਦੋਂ ਇਕ ਕੁੜੀ ਨੇ ਵ੍ਹਟਸਐਪ ’ਤੇ ਵੀਡੀਓ ਕਾਲਿੰਗ ਕੀਤੀ ਤਾਂ ਉਸ ਦੀ ਅਸ਼ਲੀਲ ਵੀਡੀਓ ਦੇਖ ਕੇ ਉਹ ਆਪਣੇ ਆਪ ’ਤੇ ਕਾਬੂ ਨਾ ਰੱਖ ਸਕਿਆ ਅਤੇ ਉਸ ਦੇ ਜਾਲ ’ਚ ਫਸ ਗਿਆ। ਇਸ ਤੋਂ ਬਾਅਦ ਉਸ ਨੂੰ ਡਰਾ ਧਮਕਾ ਕੇ 5100 ਰੁਪਏ ਆਨਲਾਈਨ ਲੈ ਲਏ ਗਏ। ਉਸ ਤੋਂ ਬਾਅਦ ਹੋਰ 5000 ਰੁਪਏ ਦੀ ਮੰਗ ਕੀਤੀ ਗਈ। ਕੁੜੀ ਨੇ ਆਪਣੀ ਆਡੀਓ ਭੇਜ ਕੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਤਾਂ ਉਸ ਦੀ ਵੀਡੀਓ ਯੂ-ਟਿਊਬ ’ਤੇ ਵਾਇਰਲ ਕਰ ਦਿੱਤੀ ਜਾਵੇਗੀ।
ਧਮਕੀ ਦੇਣ ਵਾਲੇ ਨੇ ਦਿੱਲੀ ਦੇ ਸਾਬਕਾ ਪੁਲਸ ਕਮਿਸ਼ਨਰ ਰਾਕੇਸ਼ ਅਸਥਾਨਾ ਦੀ ਵਰਦੀ ਵਿੱਚ ਫੋਟੋ ਵ੍ਹਟਸਐਪ ’ਤੇ ਪਾ ਦਿੱਤੀ ਸੀ। ਜਦੋਂ ਕਾਰੋਬਾਰੀ ਨੇ ਇਸ ਬਾਰੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਦੱਸਿਆ ਤਾਂ ਉਨ੍ਹਾਂ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।