9 ਸਾਲ ਬਾਅਦ ਮਾਪਿਆਂ ਨੂੰ ਮਿਲਿਆ ਵਿਛੜਿਆ ਪੁੱਤ, ਅੱਖਾਂ ਨਮ ਕਰ ਦੇਵੇਗੀ ਇਹ ਕਹਾਣੀ

07/26/2020 1:34:41 PM

ਫਰੂਖਾਬਾਦ— ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਗਿਆ ਹੈ, ਜੋ ਸਾਡੇ ਲਈ ਕਿਤੇ ਨਾ ਕਿਤੇ ਫਾਇਦੇਮੰਦ ਵੀ ਸਾਬਤ ਰਿਹਾ ਹੈ ਅਤੇ ਹੋ ਰਿਹਾ ਹੈ। ਸੋਸ਼ਲ ਮੀਡੀਆ ਫੇਸਬੁੱਕ ਨੇ ਕਈ ਵਿਛੜਿਆਂ ਨੂੰ ਮਿਲਾਇਆ ਹੈ। ਅਜਿਹੀ ਹੀ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਦੀ, ਜਿੱਥੇ ਕਈ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਅਤੇ ਅੱਖਾਂ 'ਚ ਖੁਸ਼ੀ ਦੇ ਹੰਝੂ ਲਿਆ ਦਿੱਤੇ। ਇਸ ਕਹਾਣੀ ਨੇ ਦੱਸ ਦਿੱਤਾ ਕਿ ਇਨਸਾਨੀਅਤ ਤੋਂ ਵੱਡਾ ਕੋਈ ਮਜ਼ਹਬ ਨਹੀਂ। 9 ਸਾਲ ਪਹਿਲਾਂ ਯਾਨੀ ਕਿ 2011 ਨੂੰ ਵਿਛੜਿਆ ਇਕ ਦਿਵਯਾਂਗ ਬੱਚਾ ਸੋਸ਼ਲ ਮੀਡੀਆ ਜ਼ਰੀਏ ਆਪਣੇ ਮਾਪਿਆਂ ਨੂੰ ਮਿਲ ਗਿਆ। ਪੁੱਤ ਨੂੰ ਮਿਲਦੇ ਹੀ ਮਾਂ ਨੇ ਆਪਣੇ ਕਲੇਜੇ ਦੇ ਟੁੱਕੜੇ ਨੂੰ ਗਲ਼ ਨਾਲ ਲਾ ਲਿਆ।

PunjabKesari

ਇਸ ਦਿਵਯਾਂਗ ਬੱਚੇ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਫਰੂਖਾਬਾਦ ਦੇ ਸੋਤਾ ਬਹਾਦੁਰਪੁਰ ਪਿੰਡ ਦੇ ਰਹਿਣ ਵਾਲੇ ਤਾਹਿਰ ਅਲੀ ਦਾ ਪੁੱਤਰ ਅਬਦੁੱਲ ਰੱਜਾਕ ਜੋ ਬੋਲ ਅਤੇ ਸੁਣ ਨਹੀਂ ਸਕਦਾ ਸੀ। 9 ਸਾਲ ਪਹਿਲਾਂ ਗਾਜ਼ੀਆਬਾਦ 'ਚ ਆਪਣੇ ਮਾਪਿਆਂ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਸੀ, ਜਿੱਥੇ ਉਹ ਖੇਡਦੇ-ਖੇਡਦੇ ਕਿਤੇ ਗੁਆਚ ਗਿਆ ਸੀ। ਪਰਿਵਾਰ ਨੇ ਉਸ ਦੀ ਕਾਫ਼ੀ ਭਾਲ ਕੀਤੀ ਪਰ ਨਹੀਂ ਮਿਲਿਆ। ਉਸ ਸਮੇਂ ਰੱਜਾਕ ਦੀ ਉਮਰ 10 ਸਾਲ ਸੀ। ਆਪਣੇ ਪੁੱਤ ਨੂੰ ਗੁਆ ਦੇਣ ਦਾ ਮਾਪਿਆਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪੁਲਸ 'ਚ ਵੀ ਸ਼ਿਕਾਇਤ ਦਰਜ ਕਰਵਾਈ ਪਰ ਉਸ ਦਾ ਕਿਤੇ ਕੁਝ ਨਹੀਂ ਪਤਾ ਲੱਗ ਸਕਿਆ। ਮਾਪੇ ਥੱਕ ਹਾਰ ਕੇ ਬੈਠ ਗਏ ਅਤੇ ਆਪਣੇ ਬੱਚੇ ਦੀ ਸਲਾਮੀ ਲਈ ਦੁਆ ਮੰਗਣ ਲੱਗੇ। ਦਿਵਯਾਂਗ ਰੱਜਾਕ ਗਲਤੀ ਨਾਲ ਗਾਜ਼ੀਆਬਾਦ ਤੋਂ ਟਰੇਨ 'ਚ ਬੈਠ ਕੇ ਪਟਿਆਲਾ ਪਹੁੰਚ ਗਿਆ ਸੀ।

PunjabKesari

ਭੁੱਖ-ਪਿਆਸੇ ਸੜਕ 'ਤੇ ਰੋਂਦੇ ਵੇਖ ਉਸ ਮਾਸੂਮ 'ਤੇ ਨਜ਼ਰ ਪਟਿਆਲਾ ਦੇ ਰਹਿਣ ਵਾਲੇ ਗੁਰੂਨਾਮ ਸਿੰਘ ਦੀ ਪਈ। ਉਨ੍ਹਾਂ ਨੇ ਇਸ ਬੱਚੇ ਦੇ ਪਰਿਵਾਰ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਤੇ ਕੋਈ ਜਾਣਕਾਰੀ ਨਹੀਂ ਮਿਲੀ। ਫਿਰ ਗੁਰੂਨਾਮ ਨੇ ਬੱਚੇ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲਈ ਅਤੇ ਦਿਵਯਾਂਗ ਬੱਚੇ ਨੂੰ ਪਟਿਆਲਾ ਦੇ ਗੂੰਗੇ-ਬੋਲ਼ੇ ਸਕੂਲ 'ਚ ਦਾਖ਼ਲ ਕਰਵਾ ਦਿੱਤਾ। ਸਕੂਲ ਵਿਚ ਰੱਜਾਕ ਫੇਸਬੁੱਕ ਦਾ ਇਸਤੇਮਾਲ ਕਰਨ ਲੱਗਾ। ਇਕ ਦਿਨ ਰੱਜਾਕ ਨੇ ਫੇਸਬੁੱਕ 'ਤੇ ਆਪਣੀ ਫੋਟੋ ਪੋਸਟ ਕਰ ਦਿੱਤੀ। ਅਚਾਨਕ ਉਹ ਆਪਣੇ ਬਚਪਨ ਦੇ ਇਕ ਦੋਸਤ ਨੂੰ ਫੇਸਬੁੱਕ 'ਤੇ ਮਿਲ ਗਿਆ। ਦੋਸਤ ਨੇ ਉਸ ਦੀ ਤਸਵੀਰ ਨੂੰ ਪਹਿਚਾਣਿਆ ਅਤੇ ਉਸ ਦੇ ਮਾਪਿਆਂ ਨੂੰ ਇਸ ਬਾਰੇ ਦੱਸਿਆ।

PunjabKesari

ਤਸਵੀਰ ਨੂੰ ਦੇਖਦੇ ਹੀ ਪਰਿਵਾਰ ਵਾਲੇ ਆਪਣੇ 9 ਸਾਲ ਪਹਿਲਾਂ ਗੁਆ ਚੁੱਕੇ ਬੱਚੇ ਨੂੰ ਪਹਿਚਾਣ ਗਏ। ਜਿਸ ਤੋਂ ਬਾਅਦ ਰੱਜਾਕ ਦੇ ਮਾਪਿਆਂ ਨੇ ਤੁਰੰਤ ਹੀ ਪਟਿਆਲਾ ਦੇ ਸਕੂਲ 'ਚ ਸੰਪਰਕ ਕੀਤਾ ਅਤੇ ਸਕੂਲ ਪ੍ਰਬੰਧਨ ਨੇ ਰੱਜਾਕ ਨੂੰ ਉਸ ਦੇ ਮਾਪਿਆਂ ਨਾਲ ਮਿਲਵਾ ਦਿੱਤਾ। ਪਰਿਵਾਰ ਵਾਲੇ ਆਪਣੇ ਦਿਵਯਾਂਗ ਪੁੱਤ ਨੂੰ ਲੈ ਕੇ ਫਰੂਖਾਬਾਦ ਆਪਣੇ ਘਰ ਆਏ। 9 ਸਾਲ ਪਹਿਲਾਂ ਵਿਛੜੇ ਆਪਣੇ ਪੁੱਤਰ ਨੂੰ ਵੇਖ ਕੇ ਮਾਂ ਨੇ ਉਸ ਨੂੰ ਗਲ਼ ਨਾਲ ਲਾ ਲਿਆ। ਰੱਜਾਕ ਦੀ ਮਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਉਸ ਸਿੱਖ ਪਰਿਵਾਰ ਦੇ ਧੰਨਵਾਦੀ ਹੈ, ਜਿਨ੍ਹਾਂ ਨੇ ਮੇਰੇ ਬੱਚੇ ਨੂੰ ਚੰਗੀ ਤਰ੍ਹਾਂ ਰੱਖਿਆ। ਅਸੀਂ ਪਰਮਾਤਮਾ ਦਾ ਧੰਨਵਾਦ ਵੀ ਅਦਾ ਕਰਦੇ ਹਾਂ। ਉੱਥੇ ਹੀ ਰੱਜਾਕ ਦੇ ਪਿਤਾ ਤਾਹਿਰ ਅਲੀ ਨੇ ਕਿਹਾ ਕਿ ਅੱਜ ਸਾਡਾ ਪਰਿਵਾਰ ਖੁਸ਼ ਹੈ। ਅਸੀਂ ਸਾਰੇ ਸਰਦਾਰ ਗੁਰੂਨਾਮ ਸਿੰਘ ਅਤੇ ਸਕੂਲ ਪ੍ਰਬੰਧਨ ਦਾ ਧੰਨਵਾਦ ਕਰਦੇ ਹਾਂ।


Tanu

Content Editor

Related News