ਅਗਵਾ ਮਗਰੋਂ ਕੀਤਾ ਕਤਲ, ਫਿਰ ਬੋਰੇ ''ਚ ਭਰ ਕੇ ਝੀਲ ''ਚ ਸੁੱਟੀ ਮੁੰਡੇ ਦੀ ਲਾਸ਼
Thursday, May 08, 2025 - 02:38 PM (IST)

ਬੈਂਗਲੁਰੂ- ਕਰਨਾਟਕ ਦੇ ਬੈਂਗਲੁਰੂ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਰਿਵਾਰ ਨਾਲ ਵਿਵਾਦ ਦੇ ਚੱਲਦੇ ਗੁਆਂਢੀ ਨੇ ਪਹਿਲਾਂ ਬੱਚੇ ਨੂੰ ਅਗਵਾ ਕੀਤਾ ਅਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਦਲੇ ਦੀ ਭਾਵਨਾ ਨਾਲ ਕੀਤੀ ਗਈ ਇਹ ਹੈਰਾਨ ਕਰ ਦੇਣ ਵਾਲੀ ਘਟਨਾ ਬੈਂਗਲੁਰੂ ਦੇ ਪਰੱਪਾਨਾ ਅਗਰਹਰਾ ਪੁਲਸ ਸਟੇਸ਼ਨ ਦੀ ਹੱਦ 'ਚ ਮਾਮੂਲੀ ਝਗੜੇ ਨੂੰ ਲੈ ਕੇ ਹੋਈ। ਇਹ ਘਟਨਾ ਵੀਰਵਾਰ ਨੂੰ ਸਾਹਮਣੇ ਆਈ ਅਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ 8 ਸਾਲ ਦੇ ਰਾਮਾਨੰਦ ਦੇ ਰੂਪ ਵਿਚ ਹੋਈ ਹੈ। ਪੁਲਸ ਮੁਤਾਬਕ ਦੋਸ਼ੀ 36 ਸਾਲਾ ਚੰਦੇਸ਼ਵਰ ਮਾਤੁਰ, ਜੋ ਕਿ ਬੱਚੇ ਦਾ ਗੁਆਂਢੀ ਹੈ। ਦੋਸ਼ੀ ਨੇ ਪੀੜਤ ਦੇ ਪਰਿਵਾਰ ਨਾਲ ਵਿਵਾਦ ਤੋਂ ਪੈਦਾ ਹੋਈ ਰੰਜ਼ਿਸ਼ ਕਾਰਨ ਅਜਿਹਾ ਕੀਤਾ। ਉਸਨੇ ਕਥਿਤ ਤੌਰ 'ਤੇ ਬੱਚੇ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ। ਦੋਸ਼ੀ ਨੇ ਰਾਮਾਨੰਦ ਦੀ ਲਾਸ਼ ਨੂੰ ਇਕ ਬੈਗ ਵਿਚ ਭਰ ਕੇ ਝੀਲ ਨੇੜੇ ਸੁੱਟ ਦਿੱਤਾ। ਜਾਂਚ ਸ਼ੁਰੂ ਹੋਣ ਤੋਂ ਬਾਅਦ ਪੁਲਸ ਨੇ ਮਾਮਲੇ ਨੂੰ ਸੁਲਝਾ ਲਿਆ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਬੁੱਧਵਾਰ ਦੇਰ ਰਾਤ ਬੱਚੇ ਦੀ ਲਾਸ਼ ਝੀਲ ਕੋਲੋਂ ਬਰਾਮਦ ਕੀਤੀ ਗਈ। ਮੁਲਜ਼ਮ ਵਿਰੁੱਧ ਅਗਵਾ, ਕਤਲ ਅਤੇ ਸਬੂਤ ਨਸ਼ਟ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਥਾਨਕ ਨਿਵਾਸੀਆਂ ਨੇ ਇਸ ਘਟਨਾ 'ਤੇ ਗੁੱਸਾ ਪ੍ਰਗਟ ਕੀਤਾ ਹੈ ਅਤੇ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਡੀ. ਸੀ. ਪੀ ਸਾਊਥ ਈਸਟ, ਸਾਰਾਹ ਫਾਤਿਮਾ ਨੇ ਵੀਰਵਾਰ ਨੂੰ ਕਿਹਾ ਕਿ ਸ਼ਿਕਾਇਤਕਰਤਾ ਅਤੇ ਮੁਲਜ਼ਮ ਦਾ ਪਰਿਵਾਰ ਦੋਵੇਂ ਬਿਹਾਰ ਤੋਂ ਹਨ। ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੁਲਸ ਸਟੇਸ਼ਨ ਵਿਚ ਉਸ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।