ਮੁੱਖ ਸਕੱਤਰ ਕੁੱਟਮਾਰ ਮਾਮਲਾ: ਦੋਵੇਂ ''ਆਪ'' ਵਿਧਾਇਕਾਂ ਦੀ ਜ਼ਮਾਨਤ ਅਰਜ਼ੀ ਖਾਰਜ

02/23/2018 4:31:14 PM

ਨਵੀਂ ਦਿੱਲੀ— ਦਿੱਲੀ ਮੁੱਖ ਸਕੱਤਰ ਕੁੱਟਮਾਰ ਮਾਮਲੇ 'ਚ ਦੋਸ਼ੀ ਵਿਧਾਇਕ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਾਰਵਾਲ ਦੀ ਜ਼ਮਾਨਤ ਦੀ ਅਰਜ਼ੀ ਤੀਸ ਹਜ਼ਾਰੀ ਕੋਰਟ ਨੇ ਖਾਰਜ ਕਰ ਦਿੱਤੀ। ਦਿੱਲੀ ਪੁਲਸ ਨੇ 2 ਦਿਨਾਂ ਲਈ ਵਿਧਾਇਕਾਂ ਦੀ ਪੁਲਸ ਕਸਟਡੀ ਦੀ ਅਰਜ਼ੀ ਦਿੱਤੀ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ।
ਵਿਧਾਇਕਾਂ ਦੀ ਵਧ ਸਕਦੀ ਹੈ ਮੁਸ਼ਕਲ
ਸੂਤਰਾਂ ਅਨੁਸਾਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਵੀ.ਕੇ. ਜੈਨ ਨੇ ਕੋਰਟ 'ਚ ਜੋ ਬਿਆਨ ਦਰਜ ਕਰਵਾਇਆ ਹੈ, ਉਸ ਅਨੁਸਾਰ ਇਹ ਵਾਰਦਾਤ ਦੀ ਰਾਤ ਜਦੋਂ ਕੇਜਰੀਵਾਲ ਦੇ ਘਰ ਪੁੱਜੇ ਤਾਂ ਉੱਥੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਮੌਜੂਦ ਸਨ। ਅਜਿਹੇ 'ਚ ਉਨ੍ਹਾਂ ਨਾਲ ਬਦਸਲੂਕੀ ਅਤੇ ਕੁੱਟਮਾਰ ਹੋ ਰਹੀ ਸੀ। ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਕੁੱਟਮਾਰ 'ਚ ਅੰਸ਼ੂ ਪ੍ਰਕਾਸ਼ ਦਾ ਚਸ਼ਮਾ ਵੀ ਜ਼ਮੀਨ 'ਤੇ ਡਿੱਗ ਗਿਆ। ਇਹ ਸਭ ਮੁੱਖ ਮੰਤਰੀ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਦੀ ਮੌਜੂਦਗੀ 'ਚ ਹੋਇਆ।
ਦੋਹਾਂ ਵਿਧਾਇਕਾਂ ਨੇ ਲਗਾਈ ਹੈ ਜ਼ਮਾਨਤ ਦੀ ਗੁਹਾਰ
ਜ਼ਿਕਰਯੋਗ ਹੈ ਕਿ ਵਿਧਾਇਕ ਅਮਾਨਤੁੱਲਾਹ ਖਾਨ ਅਤੇ ਪ੍ਰਕਾਸ਼ ਜਾਰਵਾਲ ਨੂੰ ਪੁਲਸ ਗ੍ਰਿਫਤਾਰ ਕਰ ਚੁਕੀ ਹੈ। ਦੋਹਾਂ ਨੇ ਹੀ ਹੁਣ ਜ਼ਮਾਨਤ ਲਈ ਗੁਹਾਰ ਲਗਾਈ ਹੈ। ਅਮਾਨਤੁੱਲਾਹ ਅਤੇ ਪ੍ਰਕਾਸ਼ ਜਾਰਵਾਲ ਨੇ ਮੁੱਖ ਸਕੱਤਰ ਅਤੇ ਕੁੱਟਮਾਰ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੁੱਟਮਾਰ ਦੇ ਦੋਸ਼ ਕਿਸੇ ਸਾਜਿਸ਼ ਦੇ ਅਧੀਨ ਲਗਾਏ ਜਾ ਰਹੇ ਹਨ। ਇਸ ਦੌਰਾਨ ਦਿੱਲੀ ਪੁਲਸ ਨੇ ਦੋਹਾਂ ਨੂੰ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ।
ਸੋਚੀ ਸਮਝੀ ਸਾਜਿਸ਼ ਦੇ ਅਧੀਨ ਹੋਇਆ ਹਮਲਾ
ਦਿੱਲੀ ਪੁਲਸ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਮੁੱਖ ਸਕੱਤਰ ਦੇ ਖਿਲਾਫ ਪੂਰੀ ਸੋਚੀ ਸਮਝੀ ਸਾਜਿਸ਼ ਦੇ ਅਧੀਨ ਹਮਲਾ ਕੀਤਾ ਗਿਆ। ਪੁਲਸ ਨੇ ਦਲੀਲ ਦਿੱਤੀ ਕਿ ਆਖਰ ਅੱਧੀ ਰਾਤ ਨੂੰ ਮੁੱਖ ਮੰਤਰੀ ਦੇ ਘਰ ਕਿਸ ਮਕਸਦ ਨਾਲ ਬੁਲਾਇਆ ਗਿਆ? ਜਦੋਂ ਕਿ ਅਜਿਹੀ ਕੋਈ ਐਮਰਜੈਂਸੀ ਵੀ ਨਹੀਂ ਸੀ। ਇਸ ਤੋਂ ਇਲਾਵਾ ਇਸ ਬੈਠਕ 'ਚ 11 ਅਜਿਹੇ ਲੋਕ ਵੀ ਮੌਜੂਦ ਸਨ, ਜਿਨ੍ਹਾਂ ਦਾ ਉੱਥੇ ਹੋਣ ਦਾ ਮਤਲਬ ਹੀ ਨਹੀਂ ਸੀ।


Related News