ਦੁਸ਼ਮਣਾਂ ਨੂੰ ਮਿਲੇਗਾ ਮੂੰਹ-ਤੋੜ ਜਵਾਬ : ਰਾਵਤ
Tuesday, Jan 02, 2018 - 11:16 PM (IST)
ਜੰਮੂ— ਸਰਹੱਦ ਪਾਰ ਗੋਲੀਬੰਦੀ ਦੀ ਉਲੰਘਣਾ ਦੀਆਂ ਵਧਦੀਆਂ ਘਟਨਾਵਾਂ ਅਤੇ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦਰਮਿਆਨ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਆਪਣਾ ਹਮਲਾਵਰ ਰੁਖ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਸਰਹੱਦ ਪਾਰੋ ਕਿਸੇ ਵੀ ਤਰ੍ਹਾਂ ਦੀ ਹਰਕਤ ਦਾ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਜਨਰਲ ਰਾਵਤ ਨੇ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਦੇ ਸਕੂਲੀ ਬੱਚਿਆਂ ਦੇ ਇਕ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਹੱਦ ਪਾਰੋਂ ਹੋ ਰਹੀ ਗੋਲੀਬੰਦੀ ਦੀ ਉਲੰਘਣਾ ਦਾ ਕਰਾਰ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਫੌਜ ਆਪਣੇ ਇਸ ਰੁਖ ਨੂੰ ਜਾਰੀ ਰੱਖੇਗੀ ਕਿਉਂਕਿ ਗੁਆਂਢੀ ਦੇਸ਼ ਨੂੰ ਸਿੱਧੀ ਗੱਲ ਸਮਝ ਨਹੀਂ ਆਉਂਦੀ।
ਉਨ੍ਹਾਂ ਕਿਹਾ ਕਿ ਹੱਥ ਬਾਜ ਕਰਾਰਿਆਂ ਵੈਰੀ ਹੋਣ ਨਾ ਮਿੱਤ। ਫੌਜ ਮੁਖੀ ਨੇ ਕਿਹਾ ਕਿ ਇਸ ਹਮਲਾਵਰ ਨੀਤੀ ਦੇ ਹਾਂਪੱਖੀ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਦੁਸ਼ਮਣ ਨੂੰ ਸੱਟ ਵੱਜ ਰਹੀ ਹੈ। ਫੌਜ ਮੁਖੀ ਨੇ ਕਿਹਾ ਕਿ ਸਖਤ ਜਵਾਬੀ ਕਾਰਵਾਈ ਨਾਲ ਪਾਕਿਸਤਾਨ ਦੇ ਹੌਸਲੇ ਪਸਤ ਹਨ ਪਰ ਉਹ ਨਿਰਾਸ਼ਾ-ਈਰਖਾ ਕਾਰਨ ਗੋਲੀਬੰਦੀ ਦੀ ਉਲੰਘਣਾ ਵਰਗੀਆਂ ਹਰਕਤਾਂ ਨੂੰ ਅੰਜਾਮ ਦੇ ਰਿਹਾ ਹੈ।