ਹਾਈ ਕੋਰਟ ਨੇ ਗੋਆ ਦੇ 12 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਵਾਲੀਆਂ ਪਟੀਸ਼ਨਾਂ ਕੀਤੀਆਂ ਖਾਰਜ

Thursday, Feb 24, 2022 - 02:59 PM (IST)

ਹਾਈ ਕੋਰਟ ਨੇ ਗੋਆ ਦੇ 12 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਵਾਲੀਆਂ ਪਟੀਸ਼ਨਾਂ ਕੀਤੀਆਂ ਖਾਰਜ

ਪਣਜੀ (ਵਾਰਤਾ)- ਬਾਂਬੇ ਹਾਈ ਕੋਰਟ ਦੀ ਗੋਆ ਬੈਂਚ ਨੇ ਵੀਰਵਾਰ ਨੂੰ ਉਨ੍ਹਾਂ 12 ਵਿਧਾਇਕਾਂ ਨੂੰ ਅਯੋਗ ਐਲਾਨ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ, ਜੋ 2019 'ਚ ਆਪਣੀਆਂ-ਆਪਣੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਸਨ। ਜੱਜ ਮਨੀਸ਼ ਪਿਤਲੇ ਅਤੇ ਜੱਜ ਆਰ.ਐੱਨ. ਲੱਡਾ ਦੀ ਬੈਂਚ ਨੇ ਸੰਬੰਧਤ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਟੀਸ਼ਨ ਖਾਰਜ ਕਰ ਦਿੱਤੀ। ਗੋਆ ਪ੍ਰਦੇਸ਼ ਕਾਂਗਰਸ ਪ੍ਰਧਾਨ ਗਿਰੀਸ਼ ਚੋਡਾਨਕਰ ਨੇ ਆਪਣੀ ਪਟੀਸ਼ਨ 'ਚ ਜੁਲਾਈ 2019 'ਚ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ 10 ਵਿਧਾਇਕਾਂ ਨੂੰ ਅਯੋਗ ਐਲਾਨ ਕਰਨ ਦੀ ਮੰਗ ਕੀਤੀ ਸੀ।

ਇਸੇ ਤਰ੍ਹਾਂ ਦੀ ਇਕ ਹੋਰ ਪਟੀਸ਼ਨ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮ.ਜੀ.ਪੀ.) ਦੇ ਵਿਧਾਇਕ ਸੁਦੀਨ ਧਵਲੀਕਰ ਨੇ ਪਾਰਟੀ ਦੇ 2 ਵਿਧਾਇਕਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਮਾਮਲੇ 'ਚ ਦਾਇਰ ਕੀਤੀ ਸੀ। ਪਿਛਲੇ ਸਾਲ 21 ਅਪ੍ਰੈਲ ਨੂੰ ਗੋਆ ਵਿਧਾਨ ਸਭਾ ਸਪੀਕਰ ਰਾਜੇਸ਼ ਪਾਟਨੇਕਰ ਨੇ ਕਾਂਗਰਸ ਅਤੇ ਭਾਜਪਾ ਨੇਤਾਵਾਂ ਵਲੋਂ ਦਾਇਰ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸਨ। ਕਾਂਗਰਸ ਅਤੇ ਐੱਮ.ਜੀ.ਪੀ. ਨੇ ਭਾਜਪਾ 'ਚ ਸ਼ਾਮਲ ਹੋ ਕੇ ਗੋਆ ਵਿਧਾਨ ਸਭਾ 'ਚ ਪਿਛਲੇ ਢਾਈ ਸਾਲਾਂ 'ਚ ਭਾਜਪਾ ਨੂੰ ਸਥਿਰਤਾ ਪ੍ਰਦਾਨ ਕੀਤੀ ਸੀ। ਇਨ੍ਹਾਂ 12 ਵਿਧਾਇਕਾਂ 'ਚੋਂ 11 ਹਾਲ ਹੀ 'ਚ 14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਉਮੀਦਵਾਰ ਸਨ।


author

DIsha

Content Editor

Related News