ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ’ਚ ਦੇਰੀ ਨੂੰ ਲੈ ਕੇ FIR ਖਾਰਿਜ ਨਹੀਂ ਕਰ ਸਕਦੇ : ਬੰਬੇ ਹਾਈ ਕੋਰਟ
Saturday, Jun 13, 2026 - 10:27 AM (IST)
ਮੁੰਬਈ- ਬੰਬੇ ਹਾਈ ਕੋਰਟ ਨੇ ਘਰੇਲੂ ਨੌਕਰਾਣੀ ਨਾਲ ਛੇੜਛਾੜ ਦੇ ਮੁਲਜ਼ਮ ਇਕ ਵਿਅਕਤੀ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਭਾਰਤ ਵਰਗੇ ਰਵਾਇਤੀ ਸਮਾਜ ’ਚ ਪਰਿਵਾਰ ਜਿਨਸੀ ਸ਼ੋਸ਼ਣ ਤੇ ਛੇੜਛਾੜ ਦੇ ਮਾਮਲਿਆਂ ਦੀ ਸ਼ਿਕਾਇਤ ਕਰਨ ’ਚ ਹਿਚਕਿਚਾਉਂਦੇ ਹਨ ਅਤੇ ਸਿਰਫ਼ ਐੱਫ.ਆਈ.ਆਰ. ਦਰਜ ਕਰਾਉਣ ’ਚ ਦੇਰੀ ਦੇ ਆਧਾਰ ’ਤੇ ਅਜਿਹੇ ਮਾਮਲਿਆਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।
ਜਸਟਿਸ ਰੰਜੀਤ ਸਿੰਘ ਭੋਂਸਲੇ ਦੀ ਸਿੰਗਲ ਬੈਂਚ ਨੇ ਬੁੱਧਵਾਰ ਨੂੰ ਇਕ ਹੁਕਮ ’ਚ ਕੇਰਲਮ ਨਿਵਾਸੀ 58 ਸਾਲਾ ਵਿਅਕਤੀ ਦੀ ਪਟੀਸ਼ਨ ਖਾਰਿਜ ਕਰ ਦਿੱਤੀ। ਇਸ ਵਿਅਕਤੀ ਨੇ ਆਪਣੀ ਘਰੇਲੂ ਨੌਕਰਾਣੀ ਨਾਲ ਛੇੜਛਾੜ ਦੇ ਦੋਸ਼ ’ਚ 2019 ’ਚ ਦਰਜ ਕੀਤੀ ਗਈ ਐੱਫ.ਆਈ.ਆਰ. ਨੂੰ ਰੱਦ ਕੀਤੇ ਜਾਣ ਦੀ ਅਪੀਲ ਕੀਤੀ ਸੀ। ਸ਼ਿਕਾਇਤ ਅਨੁਸਾਰ, ਜਦੋਂ ਪੀੜਤ 10 ਮਾਰਚ 2019 ਨੂੰ ਮੁਲਜ਼ਮ ਦੇ ਘਰ ਕੰਮ ਦੇ ਸਿਲਸਿਲੇ ’ਚ ਗਈ, ਤਾਂ ਉਸ ਨੇ ਕਥਿਤ ਤੌਰ ’ਤੇ ਉਸ ਨਾਲ ਛੇੜਛਾੜ ਕੀਤੀ।
ਔਰਤ ਉੱਥੋਂ ਦੌੜਣ 'ਚ ਸਫ਼ਲ ਰਹੀ ਅਤੇ ਬਾਅਦ 'ਚ ਉਸ ਨੇ ਆਪਣੇ ਪਤੀ ਨੂੰ ਇਸ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਦੇ ਪਤੀ ਨੇ ਸੋਸਾਇਟੀ ਦੇ ਮੈਂਬਰਾਂ ਨੂੰ ਘਟਨਾ ਬਾਰੇ ਦੱਸਿਆ। ਔਰਤ ਨੇ 2 ਅਪ੍ਰੈਲ ਨੂੰ ਦੋਸ਼ੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਐੱਫਆਈਆਰ ਲਿਖੀ ਗਈ। ਦੋਸ਼ੀ ਨੇ ਹਾਈ ਕੋਰਟ 'ਚ ਆਪਣਈ ਪਟੀਸ਼ਨ 'ਚ ਇਸ ਦੇਰੀ 'ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਔਰਤ ਅਤੇ ਉਸ ਦੇ ਪਤੀ ਨੇ ਉਸ ਨੂੰ ਝੂਠੇ ਮਾਮਲੇ 'ਚ ਫਸਾਇਆ ਹੈ, ਕਿਉਂਕਿ ਉਸ ਨੇ ਉਸ ਤੋਂ ਪੈਸੇ ਦੀ ਮੰਗ ਕੀਤੀ ਸੀ। ਉਸ ਨੇ ਇਹ ਦਾਅਵਾ ਵੀ ਕੀਤਾ ਕਿ ਕਥਿਤ ਘਟਨਾ ਵਾਲੇ ਦਿਨ ਦੀ ਸੀਸੀਟੀਵੀ ਫੁਟੇਜ 'ਚ ਔਰਤ ਨੂੰ ਸ਼ਾਂਤ ਢੰਗ ਨਾਲ ਇਮਾਰਤ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ।
ਹਾਲਾਂਕਿ ਕੋਰਟ ਨੇ ਦੋਵੇਂ ਦਲੀਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪਹਿਲੀ ਨਜ਼ਰ ਦੋਸ਼ੀ ਖ਼ਿਲਾਫ਼ ਮਾਮਲਾ ਬਣਦਾ ਹੈ। ਅਦਾਲਤ ਨੇ ਕਿਹਾ,''ਸਾਡੇ ਵਰਗੇ ਰਵਾਇਤੀ ਸਮਾਜ 'ਚ ਬਦਕਿਸਮਤੀ ਨਾਲ, ਕਈ ਪਰਿਵਾਰਾਂ ਲਈ ਇਸ ਤਰ੍ਹਾਂ ਦੇ ਅਪਰਾਧਾਂ ਦੇ ਮਾਮਲੇ 'ਚ ਕੋਈ ਅਸਲ ਅਪਰਾਧਕ ਮੁਕੱਦਮਾ ਸ਼ੁਰੂ ਕਰਨਾ ਹੀ ਬੇਹੱਦ ਮੁਸ਼ਕਲ ਹੁੰਦਾ ਹੈ।'' ਜੱਜ ਨੇ ਕਿਹਾ,''ਮੇਰੀ ਰਾਏ 'ਚ ਔਰਤਾਂ ਖ਼ਿਲਾਫ਼ ਅਪਰਾਧਾਂ ਅਤੇ ਇਸ ਤਰ੍ਹਾਂ ਦੇ ਮਾਮਲਿਆਂ 'ਚ ਸਿਰਫ਼ ਬਿਨਾਂ ਵਜ੍ਹਾ ਹੋਈ ਦੇਰੀ ਦੇ ਆਧਾਰ 'ਤੇ ਅਪਰਾਧਕ ਮੁਕੱਦਮੇ ਨੂੰ ਖਾਰਜ ਨਹੀਂ ਕੀਤਾ ਜਾਣਾ ਚਾਹੀਦਾ, ਜਦੋਂ ਤੱਕ ਕਿ ਇਹ ਦੇਰੀ ਕਿਸੇ ਬੁਰੀ ਨੀਅਤ, ਨਿੱਜੀ ਬਦਲੇ ਦੀ ਭਾਵਨਾ ਕਾਰਨ ਨਾ ਹੋਵੇ, ਜੋ ਪਹਿਲੀ ਨਜ਼ਰ 'ਚ ਸਾਬਿਤ ਹੋ ਰਿਹਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
