ਦਿੱਲੀ 'ਚ ਟ੍ਰਿਪਲ ਮਰਡਰ, ਬਜ਼ੁਰਗ ਜੋੜੇ ਤੇ ਨੌਕਰਾਣੀ ਦਾ ਗਲਾ ਵੱਢ ਕੇ ਕਤਲ
Sunday, Jun 23, 2019 - 12:21 PM (IST)

ਨਵੀਂ ਦਿੱਲੀ— ਰਾਜਧਾਨੀ ਦਿੱਲੀ ਵਿਚ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਦੱਖਣੀ-ਪੱਛਮੀ ਦਿੱਲੀ ਦੇ ਵਸੰਤ ਵਿਹਾਰ ਇਲਾਕੇ 'ਚ ਤਿੰਨ ਲੋਕਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਘਰ 'ਚੋਂ ਐਤਵਾਰ ਦੀ ਸਵੇਰ ਨੂੰ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੀ ਨੌਕਰਾਣੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਵਜ੍ਹਾ ਅਤੇ ਕਾਤਲ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਪੁਲਸ ਇਸ ਨੂੰ ਕਤਲ ਦਾ ਮਾਮਲਾ ਮੰਨ ਰਹੀ ਹੈ।
ਪੁਲਸ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਵਿਸ਼ਨੂੰ ਮਾਥੁਰ ਅਤੇ ਸ਼ਸ਼ੀ ਮਾਥੁਰ ਦੇ ਰੂਪ ਵਿਚ ਹੋਈ ਹੈ, ਜਦਕਿ ਨੌਕਰਾਣੀ ਦੀ ਪਛਾਣ ਖੁਸ਼ਬੂ ਦੇ ਰੂਪ ਵਿਚ ਹੋਈ ਹੈ। ਪੁਲਸ ਕਮਿਸ਼ਨਰ ਦੇਵਿੰਦਰ ਆਰੀਆ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਘਰ 'ਚੋਂ ਕੁਝ ਸਾਮਾਨ ਲੁੱਟਿਆ ਗਿਆ ਹੈ। ਅਜਿਹਾ ਲੱਗਦਾ ਹੈ ਕਿ ਕਤਲ ਕਰਨ ਵਾਲਾ ਜਾਣਕਾਰ ਸੀ, ਜਿਸ ਨੇ ਕਾਫੀ ਆਰਾਮ ਨਾਲ ਘਰ ਵਿਚ ਐਂਟਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੋ ਥਾਵਾਂ 'ਤੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਪਹਿਲਾ ਮਾਮਲਾ ਮਹਿਰੌਲੀ ਦਾ ਸੀ, ਜਿੱਥੇ ਇਕ ਅਧਿਆਪਕ ਨੇ ਆਪਣੀ ਪਤਨੀ ਅਤੇ 3 ਬੱਚਿਆਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਦੂਜਾ ਮਾਮਲਾ ਦੁਆਰਕਾ ਦਾ ਸੀ, ਜਿੱਥੇ ਨੇਤਰਹੀਨ ਮਿਊਜ਼ਿਕ ਟੀਚਰ ਅਤੇ ਉਨ੍ਹਾਂ ਦੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।