ਖ਼ੌਫਨਾਕ ਮੰਜ਼ਰ; ਲਾਵਾਰਿਸ ਕਾਰ ''ਚੋਂ ਮਿਲੀਆਂ ਇਕ ਹੀ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

Thursday, Sep 26, 2024 - 04:28 PM (IST)

ਚੇਨਈ- ਤਾਮਿਲਨਾਡੂ ਦੇ ਪੁਡੂਕੋਟਈ ਜ਼ਿਲ੍ਹੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਹੀ ਪਰਿਵਾਰ ਦੇ 5 ਲੋਕਾਂ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੀਆਂ ਲਾਸ਼ਾਂ ਇਕ ਲਾਵਾਰਿਸ ਕਾਰ 'ਚੋਂ ਮਿਲੀਆਂ। ਪੁਲਸ ਮੁਤਾਬਕ ਕਾਰ ਬੁੱਧਵਾਰ ਸਵੇਰੇ ਤ੍ਰਿਚੀ-ਕਰਾਈਕੁਡੀ ਰਾਸ਼ਟਰੀ ਹਾਈਵੇਅ 'ਤੇ ਖੜ੍ਹੀ ਮਿਲੀ। ਸਥਾਨਕ ਲੋਕਾਂ ਨੇ ਮੰਗਲਵਾਰ ਸ਼ਾਮ ਤੋਂ ਇਸ ਕਾਰ ਨੂੰ ਖੜ੍ਹੀ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਮ੍ਰਿਤਕਾਂ ਦੀ ਪਛਾਣ ਕਾਰੋਬਾਰੀ ਪਰਿਵਾਰ ਵਜੋਂ ਹੋਈ

ਸਥਾਨਕ ਪੁਲਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਸਲੇਮ ਨਿਵਾਸੀ 50 ਸਾਲਾ ਕਾਰੋਬਾਰੀ ਮਣੀਕੰਦਨ, ਉਸ ਦੀ ਪਤਨੀ ਨਿਤਿਆ, ਉਸ ਦੀ ਮਾਂ ਸਰੋਜਾ ਅਤੇ ਉਨ੍ਹਾਂ ਦੇ ਦੋ ਬੱਚਿਆਂ ਵਜੋਂ ਹੋਈ ਹੈ। ਮੁੱਢਲੀ ਜਾਂਚ 'ਚ ਸ਼ੱਕ ਹੈ ਕਿ ਸਾਰਿਆਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ।

ਕਾਰ 'ਚੋਂ ਮਿਲਿਆ ਨੋਟ, ਪੁਲਸ ਕਰ ਰਹੀ ਜਾਂਚ 

ਪੁਲਸ ਨੂੰ ਕਾਰ 'ਚੋਂ ਇਕ ਨੋਟ ਵੀ ਮਿਲਿਆ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪਰਿਵਾਰ ਨੇ ਖੁਦਕੁਸ਼ੀ ਜਿਹਾ ਕਦਮ ਕਿਉਂ ਚੁੱਕਿਆ। ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਮਣੀਕੰਦਨ ਸ਼ਾਹੂਕਾਰਾਂ ਦੇ ਦਬਾਅ ਹੇਠ ਸੀ ਕਿਉਂਕਿ ਉਹ ਮੈਟਲ ਦਾ ਕਾਰੋਬਾਰ ਕਰ ਰਿਹਾ ਸੀ ਪਰ ਕਰਜ਼ੇ ਵਿਚ ਡੁੱਬਿਆ ਸੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੁਡੂਕੋਟਈ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ।

ਕਰਜ਼ੇ 'ਚ ਡੁੱਬਿਆ ਸੀ ਕਾਰੋਬਾਰੀ ਪਰਿਵਾਰ

ਪੁਡੂਕੋਟਈ ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਏ ਤੱਥਾਂ ਮੁਤਾਬਕ ਮਣੀਕੰਦਨ ਕਰਜ਼ 'ਚ ਡੁੱਬਿਆ ਹੋਇਆ ਸੀ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਕਰਜ਼ਾ ਦੇਣ ਵਾਲੇ ਉਸ 'ਤੇ ਜ਼ਿਆਦਾ ਦਬਾਅ ਪਾ ਰਹੇ ਸਨ ਜਾਂ ਕਿਸੇ ਹੋਰ ਕਾਰਨ ਉਸ ਨੇ ਪਰਿਵਾਰ ਸਮੇਤ ਅਜਿਹਾ ਖਤਰਨਾਕ ਕਦਮ ਚੁੱਕਿਆ। ਕਾਰ 'ਚੋਂ ਲਾਸ਼ਾਂ ਦੇ ਨੇੜੇ ਤੋਂ ਮਿਲੇ ਨੋਟ ਬਾਰੇ ਪੁਲਸ ਨੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਲੋਕਾਂ ਨੂੰ ਉਮੀਦ ਹੈ ਕਿ ਉਸ ਨੋਟ ਤੋਂ ਬਹੁਤ ਕੁਝ ਸਾਹਮਣੇ ਆ ਸਕਦਾ ਹੈ। ਪੁਲਸ ਹਰ ਪਹਿਲੂ ਦੀ ਜਾਂਚ ਵਿਚ ਜੁਟੀ ਹੋਈ ਹੈ।


Tanu

Content Editor

Related News