ਭਾਰਤ ਦੇ ਇਕਲੌਤੇ ਜਵਾਲਾਮੁਖੀ ''ਚ ਬਲਾਸਟ, ਲਾਵਾ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਸਹਿਮੇ ਲੋਕ

Tuesday, Sep 30, 2025 - 06:17 PM (IST)

ਭਾਰਤ ਦੇ ਇਕਲੌਤੇ ਜਵਾਲਾਮੁਖੀ ''ਚ ਬਲਾਸਟ, ਲਾਵਾ ਅਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਸਹਿਮੇ ਲੋਕ

ਪੋਰਟ ਬਲੇਅਰ: ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਸਥਿਤ ਭਾਰਤ ਦੇ ਇਕਲੌਤੇ ਸਰਗਰਮ ਜਵਾਲਾਮੁਖੀ, ਬੈਰਨ ਆਈਲੈਂਡ, ਵਿੱਚ ਇੱਕ ਵਾਰ ਫਿਰ ਧਮਾਕੇ ਹੋਏ ਹਨ।ਸਤੰਬਰ ਮਹੀਨੇ ਦੌਰਾਨ ਅੱਠ ਦਿਨਾਂ ਦੇ ਵਕਫੇ ਵਿੱਚ ਦੋ ਵਾਰ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।ਇਨ੍ਹਾਂ ਧਮਾਕਿਆਂ ਦੌਰਾਨ ਜਵਾਲਾਮੁਖੀ 'ਚੋਂ ਧੂੰਆਂ ਅਤੇ ਲਾਵਾ ਨਿਕਲਦਾ ਦੇਖਿਆ ਗਿਆ।

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਧਮਾਕੇ ਮਾਮੂਲੀ ਕਿਸਮ ਦੇ ਸਨ ਅਤੇ ਇਨ੍ਹਾਂ ਨਾਲ ਕਿਸੇ ਵੱਡੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਬੈਰਨ ਆਈਲੈਂਡ, ਜੋ ਕਿ ਪੋਰਟ ਬਲੇਅਰ ਤੋਂ ਲਗਭਗ 140 ਕਿਲੋਮੀਟਰ ਦੂਰ ਸਮੁੰਦਰ ਵਿੱਚ ਸਥਿਤ ਹੈ, ਭਾਰਤ ਦਾ ਇੱਕੋ-ਇੱਕ ਜ਼ਿੰਦਾ ਜਵਾਲਾਮੁਖੀ ਹੈ।

150 ਸਾਲ ਸ਼ਾਂਤ ਰਹਿਣ ਤੋਂ ਬਾਅਦ ਹੋਇਆ ਸੀ ਸਰਗਰਮ

ਬੈਰਨ ਆਈਲੈਂਡ ਜਵਾਲਾਮੁਖੀ ਲਗਭਗ 150 ਸਾਲਾਂ ਤੱਕ ਸ਼ਾਂਤ ਰਹਿਣ ਤੋਂ ਬਾਅਦ ਪਹਿਲੀ ਵਾਰ 1991 ਵਿੱਚ ਸਰਗਰਮ (Active) ਹੋਇਆ ਸੀ। ਉਦੋਂ ਤੋਂ ਇਸ ਵਿੱਚ ਸਮੇਂ-ਸਮੇਂ 'ਤੇ ਧਮਾਕੇ ਹੁੰਦੇ ਰਹੇ ਹਨ। ਇਸ ਤੋਂ ਪਹਿਲਾਂ 2005, 2017 ਅਤੇ 2022 ਵਿੱਚ ਵੀ ਇੱਥੇ ਜਵਾਲਾਮੁਖੀ ਫਟਣ ਦੀਆਂ ਛੋਟੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। 2017 ਵਿੱਚ, ਗੋਆ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨਗ੍ਰਾਫੀ (NIO) ਦੇ ਖੋਜਕਰਤਾਵਾਂ ਨੇ ਇਸ ਨੂੰ ਲਾਵਾ ਅਤੇ ਸੁਆਹ ਉਗਲਦੇ ਹੋਏ ਦੇਖਿਆ ਸੀ।

ਇਸ ਜਵਾਲਾਮੁਖੀ ਵਿੱਚ ਪਹਿਲਾ ਰਿਕਾਰਡ ਕੀਤਾ ਗਿਆ ਧਮਾਕਾ 1787 ਵਿੱਚ ਹੋਇਆ ਸੀ। ਇਹ ਟਾਪੂ ਬਹੁਤ ਵੱਡਾ ਨਹੀਂ ਹੈ ਅਤੇ ਇਸਦਾ ਕੁੱਲ ਖੇਤਰਫਲ ਲਗਭਗ 8.34 ਵਰਗ ਕਿਲੋਮੀਟਰ ਹੈ।


author

DILSHER

Content Editor

Related News