ਕਾਲੇ ਧਨ ''ਤੇ ਮੋਦੀ ਸਰਕਾਰ ਨੂੰ ਵੱਡੀ ਕਾਮਯਾਬੀ, ਸਵਿਸ ਬੈਂਕ ਨੇ ਸੌਂਪੀ ਖਾਤਾਧਾਰਕਾਂ ਦੀ ਲਿਸਟ

10/08/2019 8:02:10 AM

ਨਵੀਂ ਦਿੱਲੀ— ਵਿਦੇਸ਼ੀ ਧਰਤੀ ਤੋਂ ਕਾਲੇ ਧਨ ਦੀ ਜਾਣਕਾਰੀ ਮਿਲਣ ਦੇ ਮਾਮਲੇ 'ਚ ਮੋਦੀ ਸਰਕਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਵਿਟਜ਼ਰਲੈਂਡ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਬੈਂਕ ਖਾਤਿਆਂ ਨਾਲ ਜੁੜੀ ਜਾਣਕਾਰੀ ਸੌਂਪ ਦਿੱਤੀ ਹੈ। ਸਵਿਟਜ਼ਰਲੈਂਡ ਵਲੋਂ ਸਵਿਸ ਬੈਂਕ 'ਚ ਖੁੱਲ੍ਹੇ ਭਾਰਤੀ ਖਾਤਿਆਂ ਦੀ ਜਾਣਕਾਰੀ ਸਰਕਾਰ ਨੂੰ ਸੌਂਪੀ ਹੈ। ਭਾਰਤ ਕੁਝ ਚੁਨਿੰਦਾ ਦੇਸ਼ਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ। ਸਵਿਟਜ਼ਰਲੈਂਡ ਦੇ ਟੈਕਸ ਵਿਭਾਗ ਅਨੁਸਾਰ, ਇਸ ਤੋਂ ਬਾਅਦ ਭਾਰਤ ਸਰਕਾਰ ਨੂੰ ਅਗਲੀ ਜਾਣਕਾਰੀ 2020 'ਚ ਸੌਂਪੀ ਜਾਵੇਗੀ। ਜਾਣਕਾਰੀ ਅਨੁਸਾਰ ਸਵਿਟਜ਼ਰਲੈਂਡ 'ਚ ਦੁਨੀਆ ਦੇ 75 ਦੇਸ਼ਾਂ ਦੇ ਕਰੀਬ 31 ਲੱਖ ਖਾਤੇ ਹਨ, ਜੋ ਰਡਾਰ 'ਤੇ ਹਨ, ਇਨ੍ਹਾਂ 'ਚ ਭਾਰਤ ਦੇ ਕਈ ਖਾਤੇ ਵੀ ਸ਼ਾਮਲ ਹਨ।

ਸਵਿਟਜ਼ਰਲੈਂਡ ਦੀ ਸਰਕਾਰ ਵਲੋਂ ਜਾਣਕਾਰੀ ਮਿਲਣ ਤੋਂ ਬਾਅਦ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੋ ਜਾਣਕਾਰੀ ਮਿਲੀ ਹੈ, ਉਸ 'ਚ ਸਾਰੇ ਖਾਤੇ ਗੈਰ-ਕਾਨੂੰਨੀ ਨਹੀਂ ਹਨ। ਸਰਕਾਰੀ ਏਜੰਸੀਆਂ ਹੁਣ ਇਸ ਮਾਮਲੇ 'ਚ ਜਾਂਚ ਸ਼ੁਰੂ ਕਰਨਗੀਆਂ, ਜਿਸ 'ਚ ਖਾਤਾਧਾਰਕਾਂ ਦੇ ਨਾਂ, ਉਨ੍ਹਾਂ ਦੇ ਖਾਤੇ ਦੀ ਜਾਣਕਾਰੀ ਨੂੰ ਦੇਖਿਆ ਜਾਵੇਗਾ ਅਤੇ ਕਾਨੂੰਨ ਦੇ ਹਿਸਾਬ ਨਾਲ ਐਕਸ਼ਨ ਲਿਆ ਜਾਵੇਗਾ। ਵਿਦੇਸ਼ 'ਚ ਜਮ੍ਹਾ ਕਾਲਾ ਧਨ ਵਾਪਸ ਹਿੰਦੁਸਤਾਨ ਲਿਆਉਣਾ ਮੋਦੀ ਸਰਕਾਰ ਲਈ ਵੱਡਾ ਮੁੱਦਾ ਰਿਹਾ ਹੈ, ਫਿਰ ਭਾਵੇਂ ਉਹ 2014 ਦੀਆਂ ਚੋਣਾਂ ਹੋਣ ਜਾਂ ਫਿਰ 2019 ਦੀਆਂ ਚੋਣਾਂ ਹੋਣ। ਜਾਣਕਾਰੀ ਇਕੱਠੀ ਕਰਨ ਲਈ ਸਰਕਾਰ ਵਲੋਂ ਲਗਾਤਾਰ ਸਵਿਟਜ਼ਰਲੈਂਡ ਦੀ ਸਰਕਾਰ ਨਾਲ ਸੰਪਰਕ ਵੀ ਕੀਤਾ ਜਾ ਰਿਹਾ ਹੈ। ਕਾਲੇ ਧਨ ਵਿਰੁੱਧ ਇਸ ਲੜਾਈ 'ਚ ਮੋਦੀ ਸਰਕਾਰ ਨੂੰ ਹੁਣ ਜਾ ਕੇ ਕਾਮਯਾਬੀ ਮਿਲੀ ਹੈ।

ਇਸ ਤੋਂ ਪਹਿਲਾਂ ਜੂਨ 2019 'ਚ ਸਵਿਸ ਨੈਸ਼ਨਲ ਬੈਂਕ ਵਲੋਂ ਜਾਰੀ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਸਵਿਸ ਬੈਂਕਾਂ 'ਚ ਭਾਰਤੀਆਂ ਵਲੋਂ ਜਮ੍ਹਾ ਰਾਸ਼ੀ 'ਚ ਗਿਰਾਵਟ ਆਈ ਹੈ। 2018 ਦੇ ਅੰਕੜਿਆਂ ਅਨੁਸਾਰ, ਭਾਰਤੀਆਂ ਦਾ ਹੁਣ 6757 ਕਰੋੜ ਰੁਪਏ ਹੀ ਸਵਿਸ ਬੈਂਕ 'ਚ ਜਮ੍ਹਾ ਹਨ। ਹਾਲਾਂਕਿ ਇਸ 'ਚੋਂ ਕਿੰਨਾ ਕਾਲਾ ਧਨ ਹੈ ਅਤੇ ਕਿੰਨਾ ਨਹੀਂ, ਇਸ ਦੀ ਜਾਣਕਾਰੀ ਸਵਿਸ ਬੈਂਕ ਵਲੋਂ ਨਹੀਂ ਦਿੱਤੀ ਗਈ ਸੀ।


DIsha

Content Editor

Related News