ਬਲੈਕ ਫੰਗਸ ਦਾ ਵੱਡਾ ਸੰਕਟ: 4 ਮਰੀਜ਼ਾਂ ਦੀ ਜਾਨ ਬਚਾਉਣ ਲਈ ਕੱਢਣੀਆਂ ਪਈਆਂ ਅੱਖਾਂ
Thursday, May 27, 2021 - 05:35 PM (IST)
ਇੰਦੌਰ- ਬਲੈਕ ਫੰਗਸ (ਮਿਊਕਰਮਾਈਕੋਸਿਸ) ਦੇ ਮਾਮਲਿਆਂ 'ਚ ਵਾਧੇ ਦਰਮਿਆਨ ਇੱਥੇ ਸਰੀਰ ਮਹਾਰਾਜਾ ਯਸ਼ਵੰਤਰਾਵ ਹੋਲਕਰ ਹਸਪਤਾਲ (ਐੱਮ.ਵਾਈ.ਐੱਚ.) 'ਚ ਪਿਛਲੇ 2 ਹਫ਼ਤਿਆਂ ਦੌਰਾਨ ਇਸ ਸੰਕਰਮਣ ਦੇ 4 ਗੰਭੀਰ ਮਰੀਜ਼ਾਂ ਦੀ ਇਕ-ਇਕ ਅੱਖ ਸਰਜਰੀ ਰਾਹੀਂ ਕੱਢੀ ਗਈ ਤਾਂ ਕਿ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ। ਐੱਮ.ਵਾਈ.ਐੱਚ. ਦੇ ਇਕ ਸੀਨੀਅਰ ਡਾਕਟਰ ਨੇ ਵੀਰਵਾਰ ਨੂੰ ਦੱਸਿਆ,''ਸਾਡੇ ਨੇਤਰ ਸਰਜਨਾਂ ਦੀ ਟੀਮ ਪਿਛਲੇ 2 ਹਫ਼ਤਿਆਂ ਦੌਰਾਨ ਬਲੈਕ ਫੰਗਸ ਦੇ 6 ਮਰੀਜ਼ਾਂ ਦਾ ਆਪਰੇਸ਼ਨ ਕਰ ਚੁਕੀ ਹੈ। ਸੰਕਰਮਣ ਦੀ ਰੋਕਥਾਮ ਲਈ ਸਾਨੂੰ ਇਨ੍ਹਾਂ 'ਚੋਂ 4 ਲੋਕਾਂ ਦੀ ਇਕ-ਇਕ ਅੱਖ ਕੱਢਣੀ ਪਈ ਹੈ।''
ਉਨ੍ਹਾਂ ਦੱਸਿਆ,''ਜੇਕਰ ਇਨ੍ਹਾਂ ਮਰੀਜ਼ਾਂ ਦੀ ਸੰਕ੍ਰਮਿਤ ਅੱਖ ਨਹੀਂ ਕੱਢੀ ਜਾਂਦੀ ਹੈ ਤਾਂ ਸੰਕਰਮਣ ਵੱਧ ਕੇ ਉਨ੍ਹਾਂ ਦੇ ਦਿਮਾਗ ਤੱਕ ਪਹੁੰਚ ਜਾਂਦਾ, ਜਿਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਸੀ।'' ਸੀਨੀਅਰ ਡਾਕਟਰ ਨੇ ਸਵੀਕਾਰਿਆਂ ਨੇ ਬਲੈਕ ਫੰਗਸ ਦੇ ਇਲਾਜ 'ਚ ਪ੍ਰਮੁੱਖ ਤੌਰ 'ਤੇ ਇਸਤੇਮਾਲ ਹੋਣ ਵਾਲੇ ਐਮਫੋਟੇਰਿਸਿਨ-ਬੀ ਟੀਕੇ ਦੀ ਕਿੱਲਤ ਬਰਕਰਾਰ ਰਹਿਣ ਨਾਲ ਮਰੀਜ਼ਾਂ ਦੇ ਇਲਾਜ 'ਤੇ ਅਸਰ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਥਾਨਕ ਹਸਪਤਾਲਾਂ 'ਚ ਬਲੈਕ ਫੰਗਸ ਦੇ 350 ਤੋਂ ਵੱਧ ਮਰੀਜ਼ ਦਾਖ਼ਲ ਹਨ। ਇਨ੍ਹਾਂ 'ਚੋਂ ਇੰਦੌਰ ਤੋਂ ਇਲਾਵਾ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਮਰੀਜ਼ ਵੀ ਸ਼ਾਮਲ ਹਨ। ਬਲੈਕ ਫੰਗਸ ਦਾ ਸੰਕਰਮਣ ਕੋਰੋਨਾ ਤੋਂ ਉੱਭਰ ਰਹੇ ਅਤੇ ਸਿਹਤਮੰਦ ਹੋ ਚੁਕੇ ਲੋਕਾਂ 'ਚੋਂ ਕੁਝ 'ਚ ਮਿਲ ਰਿਹਾ ਹੈ।