ਨਿਤੀਸ਼ ਦੇ ਫਿੱਕੇ ਪੈ ਰਹੇ ਕ੍ਰਿਸ਼ਮੇ ਤੋਂ ਭਾਜਪਾ ਚਿੰਤਤ
Wednesday, Jan 22, 2025 - 05:49 PM (IST)
ਨੈਸ਼ਨਲ ਡੈਸਕ- ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਿਤੀਸ਼ ਕੁਮਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਬਰਕਰਾਰ ਰੱਖਣ ਦੇ ਵਿਰੁੱਧ ਨਹੀਂ ਹੈ ਹਾਲਾਂਕਿ ਸੂਬੇ ਦੇ ਕਈ ਨੇਤਾਵਾਂ ਨੇ ਇਸ ਵਿਚਾਰ ਵਿਰੁੱਧ ਆਪਣੀ ਰਾਏ ਪ੍ਰਗਟ ਕੀਤੀ ਹੈ।
ਭਾਜਪਾ ਉਨ੍ਹਾਂ ਨੂੰ ਸੂਬੇ ’ਚ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਤੋਂ ਬਾਅਦ ਹਟਾਉਣ ਲਈ ਉਤਸੁਕ ਨਹੀਂ ਹੈ ਜਿਵੇਂ ਕਿ ਵਿਆਪਕ ਤੌਰ ’ਤੇ ਮੰਨਿਆ ਜਾਂਦਾ ਹੈ। ਭਾਜਪਾ ਦੀ ਮੁੱਖ ਚਿੰਤਾ ਇਹ ਹੈ ਕਿ ਅਮਨ-ਕਾਨੂੰਨ ਦੀ ਮਾੜੀ ਹਾਲਤ ਕਾਰਨ ਨਿਤੀਸ਼ ਕੁਮਾਰ ਦਾ ਗ੍ਰਾਫ ਡਿੱਗ ਰਿਹਾ ਹੈ। ਉਨ੍ਹਾਂ ਦਾ ਕ੍ਰਿਸ਼ਮਾ ਿਫੱਕਾ ਪੈ ਰਿਹਾ ਹੈ।
ਅਮਨ-ਕਾਨੂੰਨ ਦਾ ਮੁੱਦਾ ਮੁੱਖ ਤੌਰ ’ਤੇ ਉਨ੍ਹਾਂ ਦੀ ‘ਡਰਾਈ’ ਬਿਹਾਰ ਨੀਤੀ ਕਾਰਨ ਖੜ੍ਹਾ ਹੋਇਆ ਹੈ। ਪੁਲਸ ਤੇ ਨੌਕਰਸ਼ਾਹੀ ਆਪਣੀ ਹੀ ਖੇਡ ਖੇਡਦੇ ਪਏ ਹਨ।
ਭਾਜਪਾ ‘ਡਰਾਈ ਬਿਹਾਰ’ ਦੇ ਮੁੱਦੇ ’ਤੇ ਵੀ ਉਲਟ ਵਿਚਾਰ ਨਹੀਂ ਲੈ ਸਕਦੀ। ਨਿਤੀਸ਼ ਕੁਮਾਰ ਇਸ ਮੁੱਦੇ ਤੋਂ ਜਾਣੂ ਹਨ, ਇਸੇ ਲਈ ਉਨ੍ਹਾਂ ‘ਮਹਿਲਾ ਸੰਵਾਦ’ ਯਾਤਰਾ ਸ਼ੁਰੂ ਕੀਤੀ ਹੈ ਪਰ ਉਨ੍ਹਾਂ ਦੇ ਸਲਾਹਕਾਰ ਤੇ ਸ਼ੁਭਚਿੰਤਕ ਚਿੰਤਤ ਹਨ ਕਿਉਂਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਚੰਪਾਰਨ ਤੋਂ ਰੋਜ਼ਾਨਾ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕਰ ਰਹੀਆਂ ਹਨ।
ਭਾਵੇਂ ਇਹ ਗੱਲ ਸਭ ਜਾਣਦੇ ਹਨ ਕਿ 2016 ’ਚ ਲਾਗੂ ਕੀਤੀ ਗਈ ਸ਼ਰਾਬਬੰਦੀ ਸੂਬੇ ’ਚ ਅਸਫਲ ਰਹੀ ਹੈ ਪਰ ਨਿਤੀਸ਼ ਦਾ ਮੰਨਣਾ ਹੈ ਕਿ ਸ਼ਰਾਬਬੰਦੀ ਸਫਲ ਹੈ। ਉਨ੍ਹਾਂ ਸਿਰਫ਼ ਔਰਤਾਂ ਦੀ ਮੰਗ ਕਾਰਨ ਹੀ ਇਸ ਨੂੰ ਲਾਗੂ ਕੀਤਾ ਹੈ।
ਉਨ੍ਹਾਂ ਦਾ ਦੌਰਾ ਔਰਤਾਂ ’ਤੇ ਹੀ ਕੇਂਦ੍ਰਿਤ ਹੋਣ ਵਾਲਾ ਹੈ । ਉਹ ਔਰਤਾਂ ਦੇ ਸਾਹਮਣੇ ਸ਼ਰਾਬ ’ਤੇ ਪਾਬੰਦੀ ਨੂੰ ਇਕ ਸਫਲਤਾ ਵਜੋਂ ਪੇਸ਼ ਕਰ ਸਕਦੇ ਹਨ।
ਆਖ਼ਿਰ ਇਹ ਉਹੀ ਨਿਤੀਸ਼ ਕੁਮਾਰ ਹਨ ਜਿਨ੍ਹਾਂ ਨੇ ਬਿਹਾਰ ਨੂੰ ਜੰਗਲ ਰਾਜ ਤੋਂ ਬਾਹਰ ਕੱਢਿਆ ਸੀ ਪਰ ਭਾਜਪਾ ਇਸ ਤੋਂ ਪ੍ਰਭਾਵਿਤ ਨਹੀਂ ਹੈ। ਉਹ ਇਕ ਨਵਾਂ ਫਾਰਮੂਲਾ ਬਣਾਉਣ ਦੀ ਤਿਆਰੀ ਕਰ ਰਹੀ ਹੈ।
ਭਾਜਪਾ ਹਾਈ ਕਮਾਨ ਨੇ ਪਾਰਟੀ ਆਗੂਆਂ ਨੂੰ ਸਹਿਯੋਗੀਆਂ ਵਿਰੁੱਧ ਭੜਕਾਊ ਬਿਆਨ ਦੇਣ ਤੋਂ ਬਚਣ ਦੇ ਨਿਰਦੇਸ਼ ਜਾਰੀ ਕੀਤੇ ਹਨ।