ਸਮੋਸੇ-ਦਾਲਾਂ ਦੀਆਂ ਵਧਦੀਆਂ ਕੀਮਤਾਂ ਤੋਂ ਚਿੰਤਤ ਰਵੀ ਕਿਸ਼ਨ, ਲੋਕ ਸਭਾ 'ਚ ਚੁੱਕਿਆ ਮੁੱਦਾ
Thursday, Jul 31, 2025 - 11:13 AM (IST)

ਨਵੀਂ ਦਿੱਲੀ : ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਗੋਰਖਪੁਰ ਦੇ ਸੰਸਦ ਮੈਂਬਰ ਅਤੇ ਅਦਾਕਾਰ ਰਵੀ ਕਿਸ਼ਨ ਨੇ ਆਮ ਲੋਕਾਂ ਦੀ ਵੱਡੀ ਅਤੇ ਰੋਜ਼ਾਨਾ ਸਮੱਸਿਆ ਦਾ ਮੁੱਦਾ ਉਠਾਇਆ। ਸਦਨ ਵਿਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਦੇ ਢਾਬਿਆਂ, ਛੋਟੇ ਹੋਟਲਾਂ, ਰੈਸਟੋਰੈਂਟਾਂ ਅਤੇ ਪੰਜ ਤਾਰਾ ਹੋਟਲਾਂ ਵਿੱਚ ਮਿਲਣ ਵਾਲੇ ਕਈ ਤਰ੍ਹਾਂ ਦੇ ਭੋਜਨ ਦੀ ਗੁਣਵੱਤਾ, ਕੀਮਤ ਅਤੇ ਮਾਤਰਾ ਦਾ ਕੋਈ ਮਿਆਰ ਨਹੀਂ ਹੈ। ਉਹਨਾਂ ਕਿਹਾ ਕਿ ਕਿਤੇ ਸਮੋਸਾ ਵੱਡਾ ਹੈ, ਕਿਤੇ ਛੋਟਾ ਪਰ ਇਹਨਾਂ ਦੇ ਰੇਟ ਵੀ ਵੱਖੋ-ਵੱਖਰੇ ਹਨ। ਕਿਤੇ ਦਾਲ 100 ਰੁਪਏ ਵਿੱਚ ਮਿਲਦੀ ਹੈ ਅਤੇ ਕਿਤੇ ਉਹੀ ਦਾਲ 400 ਰੁਪਏ ਵਿੱਚ ਮਿਲਦੀ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਹੋ ਗਈਆਂ ਹਨ, ਜਿਸ ਕਾਰਨ ਉਹਨਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦਿਨੋਂ-ਦਿਨ ਮਹਿੰਗਾਈ ਵੱਧ ਰਹੀ ਹੈ, ਜਿਸ ਨਾਲ ਆਮ ਲੋਕ ਅਤੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਬੇਰੁਜ਼ਗਾਰੀ ਵਧ ਰਹੀ ਹੈ। ਸੜਕਾਂ ਦੀ ਹਾਲਤ ਖ਼ਰਾਬ ਹੈ, ਜਿਥੇ ਲੋਕਾਂ ਨੂੰ ਚੱਲਣ ਵਿਚ ਮੁਸ਼ਕਲ ਹੋ ਰਹੀ ਹੈ। ਆਏ ਦਿਨ ਪੁਲ ਟੁੱਟ ਰਹੇ ਹਨ। ਸਕੂਲਾਂ ਦੀਆਂ ਛੱਤਾਂ ਅਤੇ ਹਵਾਈ ਅੱਡਿਆਂ ਦੀਆਂ ਛੱਤਾਂ ਡਿੱਗ ਰਹੀਆਂ ਹਨ।
ਸਿਫ਼ਰ ਕਾਲ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਕਿ ਜਿਸ ਵਿਚ ਹਰ ਜਗ੍ਹਾਂ ਮਿਲਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਦਰਾਂ, ਗੁਣਵੱਤਾ ਅਤੇ ਮਾਤਰਾ ਤੈਅ ਹੋਵੇ। ਉਹਨਾਂ ਕਿਹਾ ਕਿ ਮੁਆਫ਼ ਕਰਨਾ ਸਰ, ਸਭ ਤੋਂ ਜ਼ਿਆਦਾ ਦਵਾਈਆਂ ਅਤੇ ਸਕੂਲਾਂ ਦੀਆਂ ਫ਼ੀਸਾਂ ਨੂੰ ਲੈ ਕੇ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, ਜੋ ਬਹੁਤ ਜ਼ਰੂਰੀ ਵੀ ਹੈ।