ਛੱਤੀਸਗੜ੍ਹ ’ਚ ਭਾਜਪਾ ਦੀ ਮਹਿਲਾ ਆਗੂ ਨਾਲ ਜਬਰ-ਜ਼ਨਾਹ, ਮੁਲਜ਼ਮ ਗ੍ਰਿਫ਼ਤਾਰ
Friday, May 22, 2026 - 09:04 PM (IST)
ਬਿਲਾਸਪੁਰ, (ਭਾਸ਼ਾ)- ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਦੀ ਪੁਲਸ ਨੇ ਭਾਜਪਾ ਦੀ ਇਕ ਮਹਿਲਾ ਆਗੂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਝਾਰਖੰਡ ਦੇ ਰਾਂਚੀ ਤੋਂ ਕਾਰੋਬਾਰੀ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਬਿਲਾਸਪੁਰ ਜ਼ਿਲੇ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.) ਰਜਨੇਸ਼ ਸਿੰਘ ਨੇ ਦੱਸਿਆ ਕਿ ਔਰਤ ਨੇ ਬਿਲਾਸਪੁਰ ਦੇ ਸਿਵਲ ਲਾਈਨ ਥਾਣੇ ਵਿਚ ਮੁਲਜ਼ਮ ਖ਼ਿਲਾਫ ਮਾਮਲਾ ਦਰਜ ਕਰਵਾਇਆ ਸੀ। ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਕਰੀਬ 2 ਸਾਲ ਪਹਿਲਾਂ ਦਿੱਲੀ ਵਿਚ ਮੁਲਾਕਾਤ ਦੌਰਾਨ ਸੰਜੇ ਸਿੰਘ ਨੇ ਖ਼ੁਦ ਨੂੰ ਇਕ ਵੱਡਾ ਉਦਯੋਗਪਤੀ ਦੱਸਿਆ ਸੀ ਅਤੇ ਉਸ ਨੂੰ ਮਾਈਨਿੰਗ ਦੇ ਕਾਰੋਬਾਰ ਵਿਚ ਨਿਵੇਸ਼ ਕਰਨ ਅਤੇ ਮੋਟਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੱਤਾ ਸੀ।
ਔਰਤ ਨੇ ਦੋਸ਼ ਲਗਾਇਆ ਕਿ ਸੰਜੇ ਸਿੰਘ ਨੇ ਦੁੱਗਣੇ ਮੁਨਾਫ਼ੇ ਦਾ ਝਾਂਸਾ ਦੇ ਕੇ ਉਸ ਕੋਲੋਂ ਕਰੀਬ ਡੇਢ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਵਾਇਆ। ਔਰਤ ਦਾ ਦੋਸ਼ ਹੈ ਕਿ ਸੰਜੇ ਸਿੰਘ ਨੇ ਰਾਏਪੁਰ ਤੋਂ ਬਿਲਾਸਪੁਰ ਜਾਣ ਦੇ ਰਸਤੇ ਵਿਚ ਸਾਜ਼ਿਸ਼ ਤਹਿਤ ਆਪਣੀ ਕਾਰ ਦੇ ਡਰਾਈਵਰ ਨੂੰ ਉਤਾਰ ਕੇ ਕਿਸੇ ਹੋਰ ਕੰਮ ਲਈ ਦੂਜੇ ਪਾਸੇ ਭੇਜ ਦਿੱਤਾ ਅਤੇ ਇਕ ਸੁੰਨਸਾਨ ਇਲਾਕੇ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਸੰਜੇ ਸਿੰਘ ਉਸ ਨੂੰ ਅੱਧੇ ਰਸਤੇ ਵਿਚ ਇਕੱਲੀ ਛੱਡ ਕੇ ਫਰਾਰ ਹੋ ਗਿਆ।
