ਹਿਮਾਚਲ ਦੇ ਲੋਕਾਂ ਦੇ ਅਧਿਕਾਰ ਨੂੰ ਕੁਚਲਣਾ ਚਾਹੁੰਦੀ ਹੈ ਭਾਜਪਾ: ਪ੍ਰਿਯੰਕਾ ਗਾਂਧੀ

02/28/2024 3:58:48 PM

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਹਿਮਾਚਲ ਪ੍ਰਦੇਸ਼ 'ਚ ਭਾਜਪਾ ਪਾਰਟੀ ਲੋਕਾਂ ਦੇ ਅਧਿਕਾਰਾਂ ਨੂੰ ਕੁਚਲਣਾ ਚਾਹੁੰਦੀ ਹੈ ਅਤੇ ਬਹੁਮਤ ਨੂੰ ਚੁਣੌਤੀ ਦੇ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਹਿਮਾਚਲ ਪ੍ਰਦੇਸ਼ ਨੂੰ ਸਿਆਸੀ ਸੰਕਟ ਵਿਚ ਧਕੇਲਣਾ ਚਾਹੁੰਦੀ ਹੈ। ਹਿਮਾਚਲ ਪ੍ਰਦੇਸ਼ ਵਿਚ ਰਾਜ ਸਭਾ ਦੀ ਇਕ ਸੀਟ 'ਤੇ ਪਈਆਂ ਵੋਟਾਂ ਵਿਚ ਕਾਂਗਰਸ ਦੇ 6 ਵਿਧਾਇਕਾਂ ਵਲੋਂ ਕਰਾਸ ਵੋਟਿੰਗ ਕੀਤੇ ਜਾਣ ਮਗਰੋਂ ਭਾਜਪਾ ਨੇ ਸੀਟ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਉਸ ਤੋਂ ਬਾਅਦ ਸੂਬੇ ਵਿਚ ਸਿਆਸੀ ਸੰਕਟ ਪੈਦਾ ਹੋ ਗਿਆ।

PunjabKesari

ਪ੍ਰਿਯੰਕਾ ਗਾਂਧੀ ਨੇ 'ਐਕਸ' 'ਤੇ ਲਿਖਿਆ ਕਿ ਲੋਕਤੰਤਰ 'ਚ ਆਮ ਜਨਤਾ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਦਾ ਅਧਿਕਾਰ ਹੈ। ਹਿਮਾਚਲ ਦੀ ਜਨਤਾ ਨੇ ਆਪਣੇ ਇਸੇ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ ਸਪੱਸ਼ਟ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣਾਈ ਪਰ ਭਾਜਪਾ ਪੈਸਿਆਂ ਦੇ ਜ਼ੋਰ 'ਤੇ, ਏਜੰਸੀਆਂ ਦੀ ਤਾਕਤ ਅਤੇ ਕੇਂਦਰ ਦੀ ਸੱਤਾ ਦੀ ਦੁਰਵਰਤੋਂ ਕਰ ਕੇ ਹਿਮਾਚਲ ਵਾਸੀਆਂ ਦੇ ਇਸ ਅਧਿਕਾਰ ਨੂੰ ਕੁਚਲਣਾ ਚਾਹੁੰਦੀ ਹੈ। ਜਿਸ ਤਰ੍ਹਾਂ ਭਾਜਪਾ ਇਸ ਮਕਸਦ ਲਈ ਸਰਕਾਰੀ ਸੁਰੱਖਿਆ ਅਤੇ ਮਸ਼ੀਨਰੀ ਦੀ ਵਰਤੋਂ ਕਰ ਰਹੀ ਹੈ, ਉਹ ਦੇਸ਼ ਦੇ ਇਤਿਹਾਸ ਵਿਚ ਬੇਮਿਸਾਲ ਹੈ। ਜੇਕਰ 25 ਵਿਧਾਇਕਾਂ ਵਾਲੀ ਪਾਰਟੀ 43 ਵਿਧਾਇਕਾਂ ਦੀ ਬਹੁਮਤ ਨੂੰ ਚੁਣੌਤੀ ਦੇ ਰਹੀ ਹੈ ਤਾਂ ਇਸ ਦਾ ਸਪੱਸ਼ਟ ਮਤਲਬ ਇਹ ਹੈ ਕਿ ਉਹ ਨੁਮਾਇੰਦਿਆਂ ਦੀ ਖਰੀਦ-ਫਰੋਖ਼ਤ 'ਤੇ ਨਿਰਭਰ ਹੈ। ਉਨ੍ਹਾਂ ਦਾ ਇਹ ਰਵੱਈਆ ਅਨੈਤਿਕ ਅਤੇ ਗੈਰ-ਸੰਵਿਧਾਨਕ ਹੈ। ਹਿਮਾਚਲ ਅਤੇ ਦੇਸ਼ ਦੇ ਲੋਕ ਸਭ ਕੁਝ ਦੇਖ ਰਹੇ ਹਨ। ਜੋ ਭਾਜਪਾ ਕੁਦਰਤੀ ਆਫ਼ਤ ਵੇਲੇ ਸੂਬੇ ਦੇ ਲੋਕਾਂ ਨਾਲ ਨਾ ਖੜ੍ਹਨ ਵਾਲੀ ਭਾਜਪਾ ਹੁਣ ਸੂਬੇ ਨੂੰ ਸਿਆਸੀ ਤਬਾਹੀ ਵੱਲ ਧੱਕਣਾ ਚਾਹੁੰਦੀ ਹੈ।


Tanu

Content Editor

Related News