ਭਾਜਪਾ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ, ਗ੍ਰਹਿ ਮੰਤਰੀ ਮੁਅਾਫੀ ਮੰਗਣ : ਰਾਹੁਲ ਗਾਂਧੀ
Thursday, Dec 19, 2024 - 01:00 AM (IST)
ਨਵੀਂ ਦਿੱਲੀ, (ਭਾਸ਼ਾ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਸੰਦਰਭ ਵਿਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਕਿਹਾ ਹੈ ਕਿ ਸੰਵਿਧਾਨ ਨਿਰਮਾਤਾ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗ੍ਰਹਿ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸੰਵਿਧਾਨ ਤੇ ਬਾਬਾ ਸਾਹਿਬ ਵੱਲੋਂ ਕੀਤੇ ਕੰਮਾਂ ਨੂੰ ਨਸ਼ਟ ਕਰਨਾ ਚਾਹੁੰਦੀ ਹੈ। ਭਾਜਪਾ ਤੇ ਇਸ ਦੇ ਨੇਤਾ ਸ਼ੁਰੂ ਤੋਂ ਹੀ ਕਹਿ ਰਹੇ ਸਨ ਕਿ ਅਸੀਂ ਸੰਵਿਧਾਨ ਨੂੰ ਬਦਲਾਂਗੇ। ਉਹ ਸੰਵਿਧਾਨ ਦੇ ਖਿਲਾਫ ਹਨ। ਉਹ ਅੰਬੇਡਕਰ ਜੀ ਤੇ ਉਨ੍ਹਾਂ ਦੀ ਵਿਚਾਰਧਾਰਾ ਦੇ ਵੀ ਖਿਲਾਫ ਹਨ। ਉਨ੍ਹਾਂ ਦਾ ਇੱਕੋ -ਇਕ ਇਰਾਦਾ ਸੰਵਿਧਾਨ ਤੇ ਅੰਬੇਡਕਰ ਜੀ ਵੱਲੋਂ ਕੀਤੇ ਕੰਮਾਂ ਨੂੰ ਨਸ਼ਟ ਕਰਨਾ ਹੈ। ਇਹ ਸਾਰਾ ਦੇਸ਼ ਜਾਣਦਾ ਹੈ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸੰਸਦ ਭਵਨ ਕੰਪਲੈਕਸ ’ਚ ਵਿਰੋਧੀ ਧਿਰ ਦੇ ਪ੍ਰਦਰਸ਼ਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਵ੍ਹਟਸਐਪ ਚੈਨਲ ’ਤੇ ਪੋਸਟ ਕੀਤਾ ‘ਬਾਬਾ ਸਾਹਿਬ ਸੰਵਿਧਾਨ ਦੇ ਨਿਰਮਾਤਾ ਤੇ ਦੇਸ਼ ਨੂੰ ਦਿਸ਼ਾ ਦੇਣ ਵਾਲੇ ਮਹਾਨ ਵਿਅਕਤੀ ਹਨ। ਦੇਸ਼ ਉਨ੍ਹਾਂ ਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਸੰਵਿਧਾਨ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ। ਗ੍ਰਹਿ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।’
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ, ‘ਅੰਬੇਡਕਰ ਜੀ ਦਾ ਨਾਂ ਲੈਣ ਨਾਲ ਅਧਿਕਾਰ ਮਿਲਦੇ ਹਨ। ਅੰਬੇਡਕਰ ਜੀ ਦਾ ਨਾਂ ਲੈਣਾ ਮਨੁੱਖੀ ਗੌਰਵ ਦਾ ਪ੍ਰਤੀਕ ਹੈ। ਅੰਬੇਡਕਰ ਜੀ ਦਾ ਨਾਂ ਕਰੋੜਾਂ ਦਲਿਤਾਂ ਤੇ ਵਾਂਝੇ ਲੋਕਾਂ ਦੇ ਸਵੈ-ਮਾਣ ਦਾ ਪ੍ਰਤੀਕ ਹੈ।’