ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਬਣਾਏਗੀ ਭਾਜਪਾ, ਸ਼ੁਰੂ ਕਰੇਗੀ ''ਸਨੇਹ ਯਾਤਰਾ''

Monday, Jul 04, 2022 - 04:27 PM (IST)

ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਬਣਾਏਗੀ ਭਾਜਪਾ, ਸ਼ੁਰੂ ਕਰੇਗੀ ''ਸਨੇਹ ਯਾਤਰਾ''

ਨਵੀਂ ਦਿੱਲੀ/ਹੈਦਰਾਬਾਦ (ਸੁਨੀਲ ਪਾਂਡੇ, ਏਜੰਸੀਆਂ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਵਿਰੋਧੀ ਪਾਰਟੀਆਂ ’ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਦੇਸ਼ ਖਾਨਦਾਨੀ ਸਿਆਸਤ ਤੇ ਖਾਨਦਾਨੀ ਸਿਆਸੀ ਪਾਰਟੀਆਂ ਤੋਂ ਪੂਰੀ ਤਰ੍ਹਾਂ ਅੱਕ ਚੁੱਕਾ ਹੈ। ਅਜਿਹੀਆਂ ਪਾਰਟੀਆਂ ਦਾ ਟਿੱਕ ਸਕਣਾ ਹੁਣ ਔਖਾ ਹੈ। ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਕੱਲ੍ਹ ਕਈ ਸਿਆਸੀ ਪਾਰਟੀਆਂ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਨਾ ਤਾਂ ਉਨ੍ਹਾਂ ’ਤੇ ਹੱਸਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ’ਤੇ ਵਿਅੰਗ ਕਰਨਾ ਚਾਹੀਦਾ ਹੈ। ਸਾਨੂੰ ਸਿੱਖਣਾ ਪਏਗਾ ਕਿ ਜੋ ਕੁਝ ਉਨ੍ਹਾਂ ਕੀਤਾ ਹੈ, ਉਹ ਸਾਨੂੰ ਨਾ ਕਰਨਾ ਪਏ। ਵੰਨਸੁਵੰਨਤਾ ਦੀ ਸ਼ਕਤੀ ਨਾਲ ਸਾਨੂੰ ਦੇਸ਼ ਵਿੱਚ ਆਪਣੇ ਸੰਗਠਨ ਦੇ ਸੰਕਲਪ ਦਾ ਪਸਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਕੁੱਲੂ 'ਚ ਵਾਪਰਿਆ ਵੱਡਾ ਹਾਦਸਾ, ਸਕੂਲੀ ਬੱਚਿਆਂ ਸਮੇਤ 16 ਦੀ ਮੌਤ

ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਮੁੱਖ ਹਿੱਸਿਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਜਿੱਥੇ ‘ਸਰਵਜਨ ਹਿੱਤ ਅਤੇ ਸਰਵਜਨ ਸੁਖਾਏ’ ਹੈ, ਉੱਥੇ ਅੱਜ ਦੇਸ਼ ਦੀਆਂ ਕਈ ਵਿਰੋਧੀ ਪਾਰਟੀਆਂ ਟੱਬਰਵਾਦ ਤੋਂ ਬਾਹਰ ਨਹੀਂ ਆ ਰਹੀਆਂ। ਨੌਜਵਾਨ ਪੀੜ੍ਹੀ ਨੂੰ ਅੱਗੇ ਲਿਆਉਣ ਦਾ ਸੱਦਾ ਦਿੰਦਿਆਂ ਮੋਦੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ। ਪ੍ਰਧਾਨ ਮੰਤਰੀ ਨੇ ਭਾਜਪਾ ਦੇ ਲੋਕਤੰਤਰੀ ਚਰਿੱਤਰ ਦੀ ਆਲੋਚਨਾ ਕਰਨ ਵਾਲੀਆਂ ਪਾਰਟੀਆਂ ’ਤੇ ਵੀ ਨਿਸ਼ਾਨਾ ਵਿਨ੍ਹਿਆ ਅਤੇ ਕਿਹਾ ਕਿ ਸਾਡੀ ਪਾਰਟੀ ’ਤੇ ਸਵਾਲ ਉਠਾਉਣ ਵਾਲਿਆਂ ਦਾ ਕੀ ਹਾਲ ਹੈ? ਉਨ੍ਹਾਂ ਦੇ ਜਥੇਬੰਦਕ ਢਾਂਚੇ ਵਿੱਚ ਕਿੰਨੀ ਜਮਹੂਰੀਅਤ ਹੈ? ਪ੍ਰਧਾਨ ਮੰਤਰੀ ਨੇ ਵਰਕਰਾਂ ਨੂੰ ‘ਸਨੇਹ ਯਾਤਰਾ’ ਕੱਢਣ ਅਤੇ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚਣ ਲਈ ਵੀ ਕਿਹਾ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਪੰਜਾਬ ਪੁਲਸ ਦੀ ਵਰਦੀ ਵੀ ਹੋਈ ਬਰਾਮਦ

ਉੱਤਰ ਪ੍ਰਦੇਸ਼ ਦੀਆਂ ਆਜ਼ਮਗੜ੍ਹ ਅਤੇ ਰਾਮਪੁਰ ਲੋਕ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਵਿੱਚ ਜਿੱਤ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਪਾਰਟੀ ਨੂੰ ਘੱਟ ਗਿਣਤੀ ਭਾਈਚਾਰੇ ਦੇ ਹਾਸ਼ੀਏ ’ਤੇ ਪਏ ਵਰਗਾਂ ਨਾਲ ਸੰਪਰਕ ਕਾਇਮ ਕਰਨ ਅਤੇ ਉਨ੍ਹਾਂ ਨੂੰ ਪਾਰਟੀ ਨਾਲ ਜੋੜਨ ਦਾ ਸੁਝਾਅ ਦਿੱਤਾ। ਪਛੜੇ ਭਾਈਚਾਰੇ ਦੇ ਲੋਕਾਂ ਨਾਲ ਵੀ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ‘ਮੈਂਗੋ ਦਾਲ’ ਤੋਂ ਲੈ ਕੇ ਬਿਰਯਾਨੀ ਤੱਕ ਤੇਲੰਗਾਨਾ ਦੇ ਕਈ ਪਕਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਲਈ ਦੁਪਹਿਰ ਦੇ ਖਾਣੇ ਦੌਰਾਨ ਪਰੋਸੇ ਗਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News