ਬਿਹਾਰ ਚੋਣ ਨਤੀਜਿਆਂ ਤੋਂ ਬਾਅਦ ਵੱਡਾ ਐਕਸ਼ਨ, ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਰਾਜਕੁਮਾਰ ਨੂੰ ਕੀਤਾ ਮੁਅੱਤਲ
Sunday, Nov 16, 2025 - 12:01 AM (IST)
ਪਟਨਾ, (ਭਾਸ਼ਾ)- ਬਿਹਾਰ ’ਚ ਚੋਣ ਨਤੀਜਿਆਂ ਤੋਂ ਬਾਅਦ ਸ਼ਨੀਵਾਰ ਭਾਜਪਾ ਨੇ ਵੱਡਾ ਐਕਸ਼ਨ ਲਿਆ। ਸੱਤਾਧਾਰੀ ਰਾਸ਼ਟਰੀ ਜਮਹੂਰੀ ਗੱਠਜੋੜ (ਰਾਜਗ) ਵਿਰੁੱਧ ਲਗਾਤਾਰ ਤਿੱਖੀਆਂ ਟਿੱਪਣੀਆਂ ਨੂੰ ਲੈ ਕੇ ਸੁਰਖੀਆਂ ’ਚ ਰਹੇ ਸਾਬਕਾ ਕੇਂਦਰੀ ਮੰਤਰੀ ਰਾਜਕੁਮਾਰ ਸਿੰਘ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਹੇਠ ਭਾਜਪਾ ਤੋਂ ਮੁਅੱਤਲ ਕਰ ਦਿੱਤਾ ਗਿਆ।
ਪਾਰਟੀ ਦੇ ਇਕ ਨੇਤਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾਈ ਭਾਜਪਾ ਹੈੱਡਕੁਆਰਟਰ ਵੱਲੋਂ ਮੁਅੱਤਲੀ ਦਾ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ’ਚ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਕਿਉਂ ਨਾ ਪਾਰਟੀ ’ਚੋਂ ਕੱਢਿਆ ਜਾਵੇ? ਮੁਅੱਤਲੀ ਤੋਂ ਬਾਅਦ ਰਾਜਕੁਮਾਰ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ।
ਇਸੇ ਤਰ੍ਹਾਂ ਦੀ ਕਾਰਵਾਈ ’ਚ ਪਾਰਟੀ ਨੇ ਵਿਧਾਨ ਕੌਂਸਲਰ ਅਸ਼ੋਕ ਕੁਮਾਰ ਅਗਰਵਾਲ ਤੇ ਉਨ੍ਹਾਂ ਦੀ ਪਤਨੀ ਅਤੇ ਕਟਿਹਾਰ ਦੀ ਮੇਅਰ ਊਸ਼ਾ ਅਗਰਵਾਲ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਅਗਰਵਾਲ ਜੋੜੇ ’ਤੇ ਆਪਣੇ ਪੁੱਤਰ ਸੌਰਭ ਦੇ ਪੱਖ ਵਿਚ ਪ੍ਰਚਾਰ ਕਰਨ ਦਾ ਦੋਸ਼ ਹੈ, ਜੋ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਉਮੀਦਵਾਰ ਵਜੋਂ ਕਟਿਹਾਰ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ’ਚ ਸੀ। ਇੱਥੇ ਉਸ ਦਾ ਮੁਕਾਬਲਾ ਭਾਜਪਾ ਦੇ ਮੌਜੂਦਾ ਵਿਧਾਇਕ ਤੇ ਸਾਬਕਾ ਉੱਪ-ਮੁੱਖ ਮੰਤਰੀ ਤਾਰਕਿਸ਼ੋਰ ਪ੍ਰਸਾਦ ਨਾਲ ਸੀ। ਸਿੰਘ ਨੌਕਰਸ਼ਾਹੀ ਤੋਂ ਸਿਆਸਤ ’ਚ ਆਏ ਤੇ 2014 ’ਚ ਸੇਵਾਮੁਕਤ ਹੋਣ ਤੋਂ ਕੁਝ ਮਹੀਨਿਆਂ ਬਾਅਦ ਹੀ ਭਾਜਪਾ ’ਚ ਸ਼ਾਮਲ ਹੋਏ ਸਨ।
ਰਾਜਕੁਮਾਰ ਸਿੰਘ ਨੂੰ ਕਿਸੇ ਸਮੇ ਮੋਦੀ ਦਾ ਕਰੀਬੀ ਮੰਨਿਆ ਜਾਂਦਾ ਸੀ। ਉਹ ਹੁਣ ਲੰਬੇ ਸਮੇਂ ਤੋਂ ਬਿਹਾਰ ਦੀ ਸਿਆਸਤ ’ਚ ਸਰਗਰਮ ਨਹੀਂ ਸਨ ਤੇ ਉਨ੍ਹਾਂ ਨੂੰ ਵਿਧਾਨ ਸਭਾ ਚੋਣ ਚ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਸੀ। ਲੰਬੇ ਸਮੇਂ ਤੋਂ ਦੋਸ਼ ਲੱਗ ਰਹੇ ਸਨ ਕਿ ਰਾਜਕੁਮਾਰ ਪਾਰਟੀ ਵਿਰੋਧੀ ਸਰਗਰਮੀ ’ਚ ਸ਼ਾਮਲ ਹਨ ਤੇ ਉਨ੍ਹਾਂ ਦੇ ਕੁਝ ਬਿਆਨ ਪਾਰਟੀ ਲਈ ਸਮੱਸਿਆਵਾਂ ਪੈਦਾ ਕਰ ਰਹੇ ਸਨ।
ਰਾਜਕੁਮਾਰ ਸ਼ਾਹਬਾਦ ਖੇਤਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਤੋਂ ਵੀ ਗੈਰਹਾਜ਼ਰ ਰਹੇ। ਚੋਣਾਂ ਦੌਰਾਨ ਪਾਰਟੀ ਨੇ ਉਨ੍ਹਾਂ ਦੀਆਂ ਟਿੱਪਣੀਆਂ ’ਤੇ ਖਾਮੋਸ਼ੀ ਬਣਾਈ ਰੱਖੀ। ਕਿਸੇ ਵੀ ਅੰਦਰੂਨੀ ਕਲੇਸ਼ ਤੋਂ ਬਚਣ ਲਈ ਕੋਈ ਜਵਾਬ ਨਹੀਂ ਦਿੱਤਾ।
