ਜੰਮੂ-ਕਸ਼ਮੀਰ: ਅਨੰਤਨਾਗ ’ਚ ਭਾਜਪਾ ਸਰਪੰਚ, ਪਤਨੀ ਦਾ ਗੋਲੀਆਂ ਮਾਰ ਕੇ ਕਤਲ
Monday, Aug 09, 2021 - 06:05 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਸੋਮਵਾਰ ਯਾਨੀ ਕਿ ਅੱਜ ਅੱਤਵਾਦੀਆਂ ਨੇ ਭਾਜਪਾ ਦੇ ਇਕ ਸਰਪੰਚ ਅਤੇ ਉਨ੍ਹਾਂ ਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀ, ਭਾਜਪਾ ਸਰਪੰਚ ਗੁਲਾਮ ਰਸੂਲ ਡਾਰ ਦੇ ਮੁੱਖ ਸ਼ਹਿਰ ਅਨੰਤਨਾਗ ਦੇ ਲਾਲ ਚੌਕ ਸਥਿਤ ਘਰ ’ਚ ਦਾਖ਼ਲ ਹੋ ਗਏ ਅਤੇ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ’ਚ ਗੁਲਾਮ ਰਸੂਲ ਅਤੇ ਉਨ੍ਹਾਂ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਸ਼ਹਿਰ ਵਿਚ ਭਾਜਪਾ ਦੇ ਸਰਪੰਚ ਅਤੇ ਉਨ੍ਹਾਂ ਦੀ ਪਤਨੀ ’ਤੇ ਗੋਲੀਆਂ ਚਲਾਈਆਂ। ਪੁਲਸ ਮੁਤਾਬਕ ਰਸੂਲ ਭਾਜਪਾ ਨਾਲ ਜੁੜੇ ਸਰਪੰਚ ਸਨ। ਉਨ੍ਹਾਂ ਨੇ ਪਿਛਲੇ ਸਾਲ ਜ਼ਿਲ੍ਹਾ ਵਿਕਾਸ ਪਰੀਸ਼ਦ ਦੀਆਂ ਚੋਣਾਂ ਲੜੀਆਂ ਸਨ। ਉਹ ਇਸ ਸਮੇਂ ਅਨੰਤਨਾਗ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ।
ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਘੇਰਾਬੰਦੀ ਕਰ ਦਿੱਤੀ ਗਈ ਅਤੇ ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ 5 ਅਗਸਤ ਨੂੰ ਧਾਰਾ 370 ਅਤੇ 35ਏ ਰੱਦ ਹੋਣ ਦੇ 2 ਸਾਲ ਪੂਰੇ ਹੋਣ ’ਤੇ ਅਨੰਤਨਾਗ ’ਚ ਇਕ ਰੈਲੀ ਕੀਤੀ ਸੀ ਅਤੇ ਤਿਰੰਗਾ ਲਹਿਰਾਇਆ ਸੀ।