''ਭਾਜਪਾ ਦਾ ਪ੍ਰਦਰਸ਼ਨ ਇਸ ਵਾਰ DMK ਤੇ ਕਾਂਗਰਸ ਦਾ ਸਾਰਾ ਹੰਕਾਰ ਤੋੜ ਦੇਵੇਗਾ, ਤਾਮਿਲਨਾਡੂ ''ਚ ਗਰਜੇ PM ਮੋਦੀ
Friday, Mar 15, 2024 - 01:28 PM (IST)
ਕੰਨਿਆਕੁਮਾਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਉਹ ਤਾਮਿਲਨਾਡੂ ਦੀ ਧਰਤੀ 'ਤੇ 'ਵੱਡੇ ਬਦਲਾਅ' ਨੂੰ ਮਹਿਸੂਸ ਕਰ ਰਹੇ ਹਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦਾ ਪ੍ਰਦਰਸ਼ਨ ਵਿਰੋਧੀ ਗਠਜੋੜ 'ਇੰਡੀਆ' ਦਾ 'ਸਾਰਾ ਹੰਕਾਰ' ਤੋੜ ਦੇਵੇਗਾ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਪਿਛਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਸਰਕਾਰ ਦੌਰਾਨ ਹੋਏ ਕਥਿਤ ਘਪਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਦੂਜੇ ਪਾਸੇ ਅੱਜ ਕੇਂਦਰ ਵਿੱਚ ਅੱਜ ਅਜਿਹੀ ਸਰਕਾਰ ਹੈ ਜਿਸ ਨੇ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਲੋਕਾਂ ਦਾ ਜੀਵਨ ਸੁਖਾਲਾ ਕੀਤਾ ਹੈ।
ਰੈਲੀ 'ਚ ਮੌਜੂਦ ਭੀੜ ਵੱਲ ਇਸ਼ਾਰਾ ਕਰਦਿਆਂ ਪੀ.ਐੱਮ. ਨੇ ਕਿਹਾ ਕਿ ਦੇਸ਼ ਦੇ ਇਸ ਦੱਖਣੀ ਸਿਰੇ ਤੋਂ ਉੱਠੀ ਲਹਿਰ ਬਹੁਤ ਦੂਰ ਜਾਣ ਵਾਲੀ ਹੈ। ਮੋਦੀ ਨੇ 1991 'ਚ ਹੋਈ ਭਾਜਪਾ ਦੀ 'ਏਕਤਾ ਯਾਤਰਾ' ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਉਨ੍ਹਾਂ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ਦੀ ਯਾਤਰਾ ਕੀਤੀ ਸੀ ਪਰ ਇਸ ਵਾਰ ਉਹ ਕਸ਼ਮੀਰ ਤੋਂ ਕੰਨਿਆਕੁਮਾਰੀ ਆਇਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਅਜਿਹੇ ਲੋਕਾਂ ਨੂੰ ਨਕਾਰ ਦਿੱਤਾ ਹੈ ਜੋ ਦੇਸ਼ ਨੂੰ ਤੋੜਨ ਦੇ ਸੁਪਨੇ ਦੇਖਦੇ ਹਨ। ਹੁਣ ਤਾਮਿਲਨਾਡੂ ਦੇ ਲੋਕ ਵੀ ਅਜਿਹਾ ਹੀ ਕਰਨ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਂ ਤਾਮਿਲਨਾਡੂ ਦੀ ਧਰਤੀ 'ਤੇ ਵੱਡੇ ਬਦਲਾਅ ਦੀ ਆਵਾਜ਼ ਮਹਿਸੂਸ ਕਰ ਰਿਹਾ ਹਾਂ। ਤਾਮਿਲਨਾਡੂ ਵਿੱਚ ਇਸ ਵਾਰ ਭਾਜਪਾ ਦਾ ਪ੍ਰਦਰਸ਼ਨ ਡੀ.ਐੱਮ.ਕੇ. ਅਤੇ ਕਾਂਗਰਸ ਦੇ 'ਇੰਡੀਆ' ਗਠਜੋੜ ਦਾ ਸਾਰਾ ਹੰਕਾਰ ਤੋੜ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਆਗੂ ਅਕਸਰ ਵਿਰੋਧੀ ਪਾਰਟੀਆਂ ਦੇ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' ਜਾਂ 'ਇੰਡੀਆ' ਗਠਜੋੜ ਨੂੰ 'ਇੰਡੀ' ਆਖ ਕੇ ਉਸ 'ਤੇ ਨਿਸ਼ਾਨਾ ਵਿੰਨ੍ਹਦੇ ਹਨ।
ਤਾਮਿਲਨਾਡੂ ਵਿੱਚ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਅਤੇ ਕਾਂਗਰਸ ਵਿਚਕਾਰ ਗਠਜੋੜ ਹੈ ਅਤੇ ਦੋਵੇਂ 'ਇੰਡੀਆ' ਗਠਜੋੜ ਦੇ ਪ੍ਰਮੁੱਖ ਹਿੱਸੇ ਹਨ। ਮੋਦੀ ਨੇ ਡੀ.ਐੱਮ.ਕੇ. ਨੂੰ ਤਾਮਿਲਨਾਡੂ ਦੇ ਭਵਿੱਖ ਦੇ ਨਾਲ-ਨਾਲ ਇਸਦੀ ਅਤੀਤ ਦੀ ਵਿਰਾਸਤ ਦਾ ਦੁਸ਼ਮਣ ਦੱਸਿਆ ਅਤੇ ਕਿਹਾ ਕਿ 'ਇੰਡੀਆ' ਗਠਜੋੜ ਦੇ ਇਹ ਹਿੱਸੇ ਕਦੇ ਵੀ ਤਾਮਿਲਨਾਡੂ ਨੂੰ ਵਿਕਸਤ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਦਾ ਇਤਿਹਾਸ ਘੁਟਾਲਿਆਂ ਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲੁੱਟਣਾ ਹੀ ਉਨ੍ਹਾਂ ਦੀ ਰਾਜਨੀਤੀ ਦਾ ਆਧਾਰ ਹੈ।