BJP ਦੇ ਸਭ ਤੋਂ ਪੁਰਾਣੇ ਵਰਕਰ ਭੁਲਾਈ ਭਾਈ ਦਾ ਦੇਹਾਂਤ, 111 ਸਾਲ ਦੀ ਉਮਰ ''ਚ ਲਿਆ ਆਖਰੀ ਸਾਹ
Thursday, Oct 31, 2024 - 08:43 PM (IST)
ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਭ ਤੋਂ ਬਜ਼ੁਰਗ ਵਰਕਰ ਭੁਲਾਈ ਭਾਈ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 111 ਸਾਲ ਦੀ ਉਮਰ 'ਚ ਸ਼ਾਮ 6 ਵਜੇ ਕਪਤਾਨਗੰਜ 'ਚ ਆਖਰੀ ਸਾਹ ਲਿਆ। ਭੁਲਾਈ ਭਾਈ ਕੋਵਿਡ ਦੇ ਸਮੇਂ ਦੌਰਾਨ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। 111 ਸਾਲਾ ਸ਼੍ਰੀ ਨਰਾਇਣ ਉਰਫ ਭੁਲਾਈ ਭਾਈ ਜਨ ਸੰਘ ਦੀ ਟਿਕਟ 'ਤੇ ਵਿਧਾਇਕ ਰਹਿ ਚੁੱਕੇ ਹਨ। ਸੋਮਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਅਤੇ ਉਦੋਂ ਤੋਂ ਉਹ ਪਗਰ ਛਪਰਾ ਸਥਿਤ ਆਪਣੇ ਘਰ 'ਤੇ ਆਕਸੀਜਨ 'ਤੇ ਸਨ।
ਭੁਲਾਈ ਭਾਈ ਦੀਨਦਿਆਲ ਉਪਾਧਿਆਏ ਤੋਂ ਪ੍ਰੇਰਿਤ ਹੋ ਕੇ ਰਾਜਨੀਤੀ ਵਿੱਚ ਆਏ ਅਤੇ 1974 ਵਿੱਚ ਕੁਸ਼ੀਨਗਰ ਦੀ ਨੌਰੰਗੀਆ ਸੀਟ ਤੋਂ ਦੋ ਵਾਰ ਜਨ ਸੰਘ ਦੇ ਵਿਧਾਇਕ ਬਣੇ। ਜਨ ਸੰਘ ਦੇ ਭਾਜਪਾ ਬਣਨ ਤੋਂ ਬਾਅਦ ਵੀ ਉਹ ਪਾਰਟੀ ਦੇ ਵਰਕਰ ਸਨ।
ਸਾਲ 2022 ਵਿੱਚ ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿਤਿਆਨਾਥ ਦੀ ਸਰਕਾਰ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ, ਭੁਲਾਈ ਭਾਈ ਸਹੁੰ ਚੁੱਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਲਖਨਊ ਪਹੁੰਚੇ। ਲਖਨਊ 'ਚ ਵਰਕਰ ਸੰਮੇਲਨ 'ਚ ਅਮਿਤ ਸ਼ਾਹ ਨੇ ਸਟੇਜ ਤੋਂ ਹੇਠਾਂ ਆ ਕੇ ਭੁੱਲੇ ਭਾਈ ਦਾ ਸਨਮਾਨ ਕੀਤਾ।