ਮੱਧ ਪ੍ਰਦੇਸ਼-ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਸਰਗਰਮ, ਜਾਰੀ ਕੀਤੀ ਪਹਿਲੀ ਲਿਸਟ
Thursday, Aug 17, 2023 - 04:46 PM (IST)

ਨਵੀਂ ਦਿੱਲੀ- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਪਾਰਟੀ ਹੁਣ ਤੋਂ ਹੀ ਪੂਰੀ ਤਰ੍ਹਾਂ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਨੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਉਮੀਦਵਾਰਾਂ ਦੀ ਪਹਿਲੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਦੋਹਾਂ ਸੂਬਿਆਂ ਵਿਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ਨੇ ਪਹਿਲੀ ਲਿਸਟ ਜਾਰੀ ਕਰਦਿਆਂ ਮੱਧ ਪ੍ਰਦੇਸ਼ ਵਿਚ 39 ਅਤੇ ਛੱਤੀਸਗੜ੍ਹ 'ਚ 21 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਦਰਅਸਲ ਬੁੱਧਵਾਰ ਨੂੰ ਦੋਹਾਂ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੇ ਕੇ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ ਸੀ।
ਦੱਸਣਯੋਗ ਹੈ ਕਿ 2018 ਵਿਚ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੂਬੇ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ ਨੂੰ ਸਿਰਫ 15 ਸੀਟਾਂ 'ਤੇ ਹੀ ਜਿੱਤ ਮਿਲੀ ਸੀ। ਹੁਣ ਭਾਜਪਾ ਕਈ ਮੁੱਦਿਆਂ ਨੂੰ ਲੈ ਕੇ ਤਿਆਰੀ 'ਚ ਜੁੱਟ ਗਈ ਹੈ, ਜਿਨ੍ਹਾਂ ਸੀਟਾਂ 'ਤੇ ਹਾਰ ਮਿਲੀ, ਉਸ ਦੇ ਕਾਰਨਾਂ ਦਾ ਪਤਾ ਲਾ ਅੱਗੇ ਦੀ ਰਣਨੀਤੀ ਬਣਾ ਰਹੀ ਹੈ।
ਮੱਧ ਪ੍ਰਦੇਸ਼ 'ਚ 15 ਮਹੀਨਿਆਂ 'ਚ ਕਾਂਗਰਸ ਦੀ ਸਰਕਾਰ ਡਿੱਗ ਗਈ
ਜੇਕਰ ਗੱਲ ਮੱਧ ਪ੍ਰਦੇਸ਼ ਦੀ ਕੀਤੀ ਜਾਵੇ ਤਾਂ 2018 ਦੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ 114 ਸੀਟਾਂ ਮਿਲੀਆਂ, ਜੋ 230 ਮੈਂਬਰੀ ਵਿਧਾਨ ਸਭਾ ਵਿਚ ਬਹੁਮਤ ਤੋਂ ਦੋ ਘੱਟ ਹਨ। ਜਦਕਿ ਭਾਜਪਾ ਦੇ ਖਾਤੇ 'ਚ 109 ਸੀਟਾਂ ਆਈਆਂ ਹਨ। ਬਸਪਾ ਨੂੰ 2 ਜਦਕਿ ਹੋਰਨਾਂ ਨੂੰ 5 ਸੀਟਾਂ ਮਿਲੀਆਂ ਹਨ। ਫਿਰ ਕਾਂਗਰਸ ਨੇ ਬਸਪਾ, ਸਪਾ ਅਤੇ ਹੋਰਾਂ ਦੇ ਸਮਰਥਨ ਨਾਲ ਸਰਕਾਰ ਬਣਾਈ ਅਤੇ 15 ਸਾਲਾਂ ਬਾਅਦ ਸੱਤਾ ਹਾਸਲ ਕੀਤੀ।
ਕਮਲਨਾਥ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਕਾਂਗਰਸ ਸਰਕਾਰ ਦਸੰਬਰ 2018 ਤੋਂ ਮਾਰਚ 2020 ਤੱਕ ਚੱਲੀ ਪਰ 15 ਮਹੀਨਿਆਂ ਦੇ ਅੰਤ ਤੱਕ ਕਮਲਨਾਥ ਸਰਕਾਰ ਦਾ ਸੱਤਾ ਤੋਂ ਹਟਣਾ ਤੈਅ ਹੋ ਗਿਆ ਅਤੇ ਕਈ ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਗਏ ਅਤੇ ਫਿਰ ਭਾਜਪਾ ਸੱਤਾ ਵਿਚ ਵਾਪਸ ਆ ਗਈ। ਸ਼ਿਵਰਾਜ ਮੁੱਖ ਮੰਤਰੀ ਬਣੇ।