ਮਹਾਰਾਸ਼ਟਰ: ਭਾਜਪਾ ਦਾ ਸਰਕਾਰ ਬਣਾਉਣ ਤੋਂ ਇਨਕਾਰ, ਰਾਜਪਾਲ ਨੇ ਸ਼ਿਵ ਸੈਨਾ ਨੂੰ ਭੇਜਿਆ ਸੱਦਾ

11/11/2019 1:19:28 AM

ਮੁੰਬਈ— ਮਹਾਰਾਸ਼ਟਰ ਵਿਚ ਸਰਕਾਰ ਦੀ ਕਾਇਮੀ ਨੂੰ ਲੈ ਕੇ ਐਤਵਾਰ ਨੂੰ ਭਾਜਪਾ ਦੇ ਸੂਬਾਈ ਇੰਚਾਰਜ ਚੰਦਰ ਕਾਂਤ ਪਾਟਿਲ ਨੇ ਗਵਰਨਰ ਨੂੰ ਮਿਲ ਕੇ ਕਿਹਾ ਕਿ ਉਹ ਮਹਾਰਾਸ਼ਟਰ 'ਚ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੇ। ਉਸ ਤੋਂ ਬਾਅਦ ਸਿਆਸੀ ਡਰਾਮਾ ਹੋਰ ਵਧ ਗਿਆ ਹੈ।

PunjabKesari

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਸ਼ਿਵ ਸੈਨਾ ਚਾਹੇ ਤਾਂ ਉਹ ਮਹਾਰਾਸ਼ਟਰ ਵਿਚ ਕਾਂਗਰਸ ਅਤੇ ਐੱਨ. ਸੀ. ਪੀ. ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਸਾਡੇ ਨਾਲ ਨਹੀਂ ਆਉਣਾ ਚਾਹੁੰਦੀ ਹੈ ਅਤੇ ਉਸ ਨੇ ਲੋਕਾਂ ਦੇ ਫਤਵੇ ਨਾਲ ਵਿਸ਼ਵਾਸਘਾਤ ਕੀਤਾ ਹੈ। ਇਸੇ ਦੌਰਾਨ ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਕਿਹਾ ਹੈ ਕਿ ਗਵਰਨਰ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ ਅਤੇ ਸੋਮਵਾਰ ਸ਼ਾਮ ਸਾਢੇ 7 ਵਜੇ ਤਕ ਜਾਣਕਾਰੀ ਮੰਗੀ ਹੈ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਉਹ ਸੋਮਵਾਰ ਸਰਕਾਰ ਬਣਾਉਣ ਲਈ ਗਵਰਨਰ ਨਾਲ ਮੁਲਾਕਾਤ ਕਰਨਗੇ।

ਨਵਾਬ ਮਲਿਕ ਨੇ ਕਿਹਾ ਕਿ ਜੇਕਰ ਸ਼ਿਵ ਸੈਨਾ ਸਾਡਾ ਸਮਰਥਨ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਐਲਾਨ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਹੁਣ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਐੱਨ. ਡੀ. ਏ. ਤੋਂ ਬਾਹਰ ਆਉਣ ਦਾ ਵੀ ਐਲਾਨ ਕਰਨਾ ਹੋਵੇਗਾ।

PunjabKesari

ਕਈ ਕਾਂਗਰਸੀ ਵਿਧਾਇਕਾਂ ਨੇ ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ਦਾ ਕੀਤਾ ਸਮਰਥਨ

ਦਿੱਲੀ-ਜੈਪੁਰ ਜਰਨੈਲੀ ਸੜਕ 'ਤੇ ਇਕ ਰਿਜ਼ਾਰਟ ਵਿਚ ਰੁਕੇ ਮਹਾਰਾਸ਼ਟਰ ਕਾਂਗਰਸ ਦੇ ਵਿਧਾਇਕਾਂ ਨੇ ਐਤਵਾਰ ਨੂੰ ਪਾਰਟੀ ਦੇ ਸੂਬਾ ਇੰਚਾਰਜ ਮਲਿਕਾਰਜੁਨ ਖੜਗੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕਈ ਵਿਧਾਇਕਾਂ ਨੇ ਸ਼ਿਵ ਸੈਨਾ ਨੂੰ ਹਮਾਇਤ ਦੇ ਕੇ ਸਰਕਾਰ ਵਿਚ ਸ਼ਾਮਲ ਹੋਣ ਦਾ ਸਮਰਥਨ ਕੀਤਾ।

ਮਲਿਕਾਰਜੁਨ ਖੜਗੇ ਨੇ ਸੋਨੀਆ ਗਾਂਧੀ ਨਾਲ ਵਿਚਾਰ-ਵਟਾਂਦਰਾ ਕਰਨ ਦੀ ਗੱਲ ਦੱਸੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿਰੋਧੀ ਧਿਰ ਵਿਚ ਬੈਠੇਗੀ। ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ ਨਹੀਂ ਚਾਹੁੰਦੇ। ਕਾਂਗਰਸੀ ਆਗੂ ਸੰਜੇ ਨਿਰੂਪਮ ਨੇ ਪਾਰਟੀ ਹਾਈ ਕਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਮੌਜੂਦਾ ਰਾਜਸੀ ਹਾਲਾਤ ਵਿਚ ਸ਼ਿਵ ਸੈਨਾ ਨੂੰ ਸਮਰਥਨ ਦੇਣਾ ਪਾਰਟੀ ਲਈ ਤਬਾਹਕੁੰਨ ਸਾਬਤ ਹੋਵੇਗਾ।

PunjabKesari
ਪਵਾਰ ਨੇ ਵੀ ਕੀਤੀ ਐੱਨ.ਸੀ.ਪੀ. ਨੇਤਾਵਾਂ ਨਾਲ ਬੈਠਕ
ਇਕ ਹੋਰ ਸਮਾਗਮ 'ਚ ਪਵਾਰ ਨੇ ਵੀ ਇਥੇ ਆਪਣੀ ਪਾਰਟੀ ਦੇ ਕੁਝ ਨੇਤਾਵਾਂ ਨਾਲ ਬੈਠਕ ਕੀਤੀ। ਗੈਰ ਭਾਜਪਾਈ ਪਾਰਟੀਆਂ ਵਿਚ ਗਠਜੋੜ 'ਤੇ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਹੋਏ ਪਵਾਰ ਨੇ ਕਿਹਾ ਕਿ ਮੈਂ ਕਾਂਗਰਸ ਦੇ ਫੈਸਲੇ ਬਾਰੇ ਖਬਰਾਂ ਦੇ ਆਧਾਰ 'ਤੇ ਅੱਗੇ ਨਹੀਂ ਵੱਧ ਸਕਦਾ। ਮੈਂ ਸਿਰਫ ਉਦੋਂ ਹੀ ਜਵਾਬ ਦੇ ਸਕਦਾ ਹਾਂ ਜਦੋਂ ਕਾਂਗਰਸ ਆਪਣੇ ਫੈਸਲੇ ਬਾਰੇ ਅਧਿਕਾਰਤ ਤੌਰ 'ਤੇ ਮੈਨੂੰ ਸੂਚਿਤ ਕਰਦੀ ਹੈ। ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਤਣਾਅ ਜਾਰੀ ਹੈ। ਅਕਤੂਬਰ 'ਚ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 105, ਸ਼ਿਵ ਸੈਨਾ ਨੇ 56, ਰਾਕਾਂਪਾ ਨੇ 54 ਅਤੇ ਕਾਂਗਰਸ ਨੇ 44 ਸੀਟਾਂ ਜੀਤੀਆਂ। ਵਿਧਾਨ ਸਭਾ 'ਚ ਕੁੱਲ 288 ਸੀਟਾਂ ਹਨ।

PunjabKesari


KamalJeet Singh

Content Editor

Related News