''ਆਪ'' ਦੇ ਪ੍ਰਦਰਸ਼ਨ ਦੇ ਜਵਾਬ ''ਚ ਭਾਜਪਾ ਨੇ ਕੱਢਿਆ ਵਿਰੋਧ ਮਾਰਚ, ਕੇਜਰੀਵਾਲ ਦੇ ਅਸਤੀਫ਼ੇ ਦੀ ਕੀਤੀ ਮੰਗ

Tuesday, Mar 26, 2024 - 02:50 PM (IST)

''ਆਪ'' ਦੇ ਪ੍ਰਦਰਸ਼ਨ ਦੇ ਜਵਾਬ ''ਚ ਭਾਜਪਾ ਨੇ ਕੱਢਿਆ ਵਿਰੋਧ ਮਾਰਚ, ਕੇਜਰੀਵਾਲ ਦੇ ਅਸਤੀਫ਼ੇ ਦੀ ਕੀਤੀ ਮੰਗ

ਨਵੀਂ ਦਿੱਲੀ- ਭਾਜਪਾ ਦੀ ਦਿੱਲੀ ਇਕਾਈ ਦੇ ਨੇਤਾਵਾਂ ਅਤੇ ਵਰਕਰਾਂ ਨੇ ਮੰਗਲਵਾਰ ਨੂੰ ਇੱਥੇ ਵਿਰੋਧ ਮਾਰਚ ਕੱਢਿਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੀ ਮੰਗ ਕੀਤੀ। ਦੱਸ ਦੇਈਏ ਕਿ ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਜਪਾ ਵਰਕਰ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਕੋਲ ਇਕੱਠੇ ਹੋਏ ਅਤੇ ਉਨ੍ਹਾਂ ਨੇ ਦਿੱਲੀ ਸਕੱਤਰੇਤ ਤੱਕ ਮਾਰਚ ਕੱਢਿਆ। ਇਸ ਦੌਰਾਨ ਉਹ ਮੁੱਖ ਮੰਤਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਖਿਲਾਫ਼ ਨਾਅਰੇ ਲਾ ਰਹੇ ਸਨ। 

ਭਾਜਪਾ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਹਰਸ਼ਵਰਧਨ ਨੇ ਕਿਹਾ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਇਸ ਲਈ ਉਨ੍ਹਾਂ ਨੂੰ ਨੈਤਿਕ ਆਧਾਰ 'ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪ ਦੇਣੀ ਚਾਹੀਦੀ ਹੈ। ਈਡੀ ਦੀ ਹਿਰਾਸਤ ਤੋਂ ਆਪਣੇ ਮੰਤਰੀਆਂ ਨੂੰ ਆਦੇਸ਼ ਜਾਰੀ ਕਰਨ ਲਈ ਕੇਜਰੀਵਾਲ ਦੀ ਆਲੋਚਨਾ ਕਰਦਿਆਂ ਭਾਜਪਾ ਦੇ ਰਾਸ਼ਟਰੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਕ ਮੁੱਖ ਮੰਤਰੀ ਹਿਰਾਸਤ ਵਿਚ ਰਹਿੰਦੇ ਹੋਏ ਆਦੇਸ਼ ਜਾਰੀ ਨਹੀਂ ਕਰ ਸਕਦਾ। ਉਨ੍ਹਾਂ ਨੇ ਦੋਸ਼ ਲਾਇਆ ਕਿ 'ਆਪ' ਨੌਟੰਕੀ ਕਰ ਰਹੀ ਹੈ। 

ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੂੰ ਸ਼ਿਕਾਇਤ ਕਰ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਓਧਰ ਅੱਜ ਸਿਹਤ ਮੰਤਰੀ ਅਤੇ 'ਆਪ' ਨੇਤਾ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਕੇਜਰੀਵਾਲ ਨੂੰ ਮੁਹੱਲਾ ਕਲੀਨਿਕ ਵਿਚ ਜਾਂਚ 'ਚ ਸਮੱਸਿਆਵਾਂ ਬਾਰੇ ਸੂਚਨਾ ਮਿਲੀ ਹੈ ਅਤੇ ਉਨ੍ਹਾਂ ਨੇ ਆਦੇਸ਼ ਜਾਰੀ ਕੀਤੇ ਹਨ। 


author

Tanu

Content Editor

Related News