ਸ਼ਿਵਸੈਨਾ ਨੂੰ ਝਟਕਾ, ਭਾਜਪਾ ਨੇ NCP ਨਾਲ ਮਿਲ ਕੇ ਮਹਾਰਾਸ਼ਟਰ 'ਚ ਬਣਾਈ ਸਰਕਾਰ

Saturday, Nov 23, 2019 - 08:40 AM (IST)

ਸ਼ਿਵਸੈਨਾ ਨੂੰ ਝਟਕਾ, ਭਾਜਪਾ ਨੇ NCP ਨਾਲ ਮਿਲ ਕੇ ਮਹਾਰਾਸ਼ਟਰ 'ਚ ਬਣਾਈ ਸਰਕਾਰ

ਮੁੰਬਈ—ਮਹਾਰਾਸ਼ਟਰ 'ਚ ਸ਼ਨੀਵਾਰ ਸਵੇਰੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਸ਼ਨੀਵਾਰ ਸਵੇਰੇ ਭਾਜਪਾ ਨੇ ਐੱਨ.ਸੀ.ਪੀ. ਦੇ ਨਾਲ ਮਿਲ ਕੇ ਸਰਕਾਰ ਬਣਾ ਲਈ। ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਉਥੇ ਹੀ ਐੱਨ.ਸੀ.ਪੀ. ਦੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ।

ਸਹੁੰ ਚੁੱਕਣ ਤੋਂ ਬਾਅਦ ਫੜਨਵੀਸ ਨੇ ਕਿਹਾ ਕਿ ਮਹਾਰਾਸ਼ਟਰ ਦੀ ਜਨਤਾ ਨੇ ਸਪੱਸ਼ਟ ਜਨਮਤ ਦਿੱਤਾ ਸੀ। ਸਾਡੇ ਨਾਲ ਲੜੀ ਸ਼ਿਵਸੈਨੇ ਨੇ ਇਸ ਜਨਮਤ ਤੋਂ ਇਨਕਾਰ ਕਰਕੇ ਦੂਜੀ ਥਾਂ ਗਠਬੰਧਨ ਬਣਾਉਣ ਦੀ ਕੋਸ਼ਿਸ਼ ਕੀਤੀ। ਮਹਾਰਾਸ਼ਟਰ ਨੂੰ ਸਥਿਰ ਸ਼ਾਸਨ ਦੇਣ ਦੀ ਲੋੜ ਸੀ। ਮਹਾਰਾਸ਼ਟਰ ਨੂੰ ਸਥਾਈ ਸਰਕਾਰ ਦੇਣ ਦਾ ਫੈਸਲਾ ਕਰਨ ਲਈ ਅਜੀਤ ਦਾ ਧੰਨਵਾਦ।

ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਦੁਬਾਰਾ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫੜਨਵੀਸ ਜੀ ਤੇ ਅਜੀਤ ਪਵਾਰ ਨੂੰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ 'ਤੇ ਵਧਾਈ। ਮੈਨੂੰ ਵਿਸ਼ਵਾਸ ਹੈ ਕਿ ਉਹ ਮਹਾਰਾਸ਼ਟਰ ਦੇ ਰੌਸ਼ਨ ਭਵਿੱਖ ਲਈ ਲਗਨ ਨਾਲ ਕੰਮ ਕਰਨਗੇ।

ਦੱਸ ਦਈਏ ਕਿ ਮਹਾਰਾਸ਼ਟਰ ਦੀਆਂ 288 ਸੀਟਾਂ ਲਈ 21 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਤੇ ਇਸ ਦੇ ਨਤੀਜੇ 24 ਅਕਤੂਬਰ ਨੂੰ ਆਏ ਸਨ। ਸੂਬੇ 'ਚ ਕਿਸੇ ਪਾਰਟੀ ਜਾਂ ਗਠਜੋੜ ਵਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਾ ਕਰਨ ਕਰਕੇ 12 ਨਵੰਬਰ ਨੂੰ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ ਸੀ। ਸ਼ਿਵਸੈਨਾ ਵਲੋਂ ਮੁੱਖ ਮੰਤਰੀ ਅਹੁਦੇ ਦੀ ਮੰਗ ਨੂੰ ਲੈ ਕੇ ਭਾਜਪਾ ਨਾਲ 30 ਸਾਲ ਪੁਰਾਣਾ ਗਠਜੋੜ ਤੋੜਨ ਤੋਂ ਬਾਅਦ ਤੋਂ ਸੂਬੇ 'ਚ ਸਿਆਸੀ ਸੰਕਟ ਖੜ੍ਹਾ ਹੋ ਗਿਆ। 


Related News