ਭਾਜਪਾ ਨੇ ਬਿਪਲਬ ਦੇਵ ਨੂੰ ਤ੍ਰਿਪੁਰਾ ਤੋਂ ਆਪਣਾ ਰਾਜ ਸਭਾ ਉਮੀਦਵਾਰ ਬਣਾਇਆ

09/10/2022 6:44:48 PM

ਅਗਰਤਲਾ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੂੰ ਰਾਜ ਸਭਾ ਉੱਪ ਚੋਣ ਲਈ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। ਉਹ ਮਾਣਿਕ ​​ਸਾਹਾ ਵੱਲੋਂ ਖਾਲੀ ਕੀਤੀ ਸੀਟ ਤੋਂ ਚੋਣ ਲੜਨਗੇ। ਤ੍ਰਿਪੁਰਾ 'ਚ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਹਾ ਨੇ ਮੁੱਖ ਮੰਤਰੀ ਵਜੋਂ ਦੇਬ ਦੀ ਜਗ੍ਹਾ ਲਈ ਸੀ। ਉੱਪ ਚੋਣ 22 ਸਤੰਬਰ ਨੂੰ ਹੋਣੀ ਹੈ ਅਤੇ ਦੇਬ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ ਕਿਉਂਕਿ ਰਾਜ ਵਿਧਾਨ ਸਭਾ ਵਿਚ ਭਾਜਪਾ ਕੋਲ ਬਹੁਮਤ ਹੈ। ਦੇਬ ਨੇ ਕਿਹਾ ਕਿ ਉਹ ਤ੍ਰਿਪੁਰਾ ਅਤੇ ਉਸ ਦੇ ਲੋਕਾਂ ਦੇ ਵਿਕਾਸ ਅਤੇ ਭਲਾਈ ਲਈ ਕੰਮ ਕਰਨ ਲਈ ਵਚਨਬੱਧ ਹਨ। ਦੇਬ ਦੇ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਉਮੀਦ ਹੈ। ਇਸੇ ਦਿਨ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਤਾਰੀਖ਼ ਹੈ। ਦੇਬ ਨੂੰ ਹਰਿਆਣਾ ਵਿਚ ਪਾਰਟੀ ਮਾਮਲਿਆਂ ਦਾ ਇੰਚਾਰਜ ਵੀ ਬਣਾਇਆ ਗਿਆ ਹੈ।

ਸੂਬੇ ਦੇ ਸਾਬਕਾ ਵਿੱਤ ਮੰਤਰੀ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਆਗੂ ਭਾਨੂ ਲਾਲ ਸਾਹਾ ਪਹਿਲਾਂ ਹੀ ਖੱਬੇ ਮੋਰਚੇ ਦੇ ਉਮੀਦਵਾਰ ਵਜੋਂ ਰਾਜ ਸਭਾ ਸੀਟ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ। ਤ੍ਰਿਪੁਰਾ ਦੀ 60 ਮੈਂਬਰੀ ਵਿਧਾਨ ਸਭਾ ਵਿਚ ਸੱਤਾਧਾਰੀ ਭਾਜਪਾ ਕੋਲ 36, ਜਦੋਂ ਕਿ ਉਸ ਦੀ ਸਹਿਯੋਗੀ ਆਈ.ਪੀ.ਐੱਫ.ਟੀ. ਕੋਲ 8 ਵਿਧਾਇਕ ਹਨ। ਮਾਕਪਾ ਕੋਲ 15 ਅਤੇ ਕਾਂਗਰਸ ਕੋਲ ਇਕ ਵਿਧਾਇਕ ਹੈ। ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜ ਸਭਾ ਉਪ ਚੋਣਾਂ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਜੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਤ੍ਰਿਪੁਰਾ ਤੋਂ ਰਾਜ ਸਭਾ ਚੋਣਾਂ ਲਈ ਮੈਨੂੰ ਭਾਜਪਾ ਉਮੀਦਵਾਰ ਵਜੋਂ ਨਾਮਜ਼ਦ ਕਰਨ ਲਈ ਧੰਨਵਾਦ।'' ਉਨ੍ਹਾਂ ਕਿਹਾ ਕਿ ਉਹ ਤ੍ਰਿਪੁਰਾ ਅਤੇ  ਉਸ ਦੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਕੰਮ ਕਰਨ ਨੂੰ ਲੈ ਕੇ ਵਚਨਬੱਧ ਹਨ।


DIsha

Content Editor

Related News