ਜਿੰਨਾ ਵਿਕਾਸ ਹਿਮਾਚਲ ''ਚ 10 ਸਾਲਾਂ ''ਚ ਹੋਇਆ, ਓਨਾ 60 ਸਾਲਾਂ ''ਚ ਨਹੀਂ ਹੋਇਆ : ਕੰਗਨਾ ਰਣੌਤ
Friday, Jul 26, 2024 - 05:10 PM (IST)
ਨਵੀਂ ਦਿੱਲੀ- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਗ੍ਰਹਿ ਸੂਬੇ ਹਿਮਾਚਲ ਪ੍ਰਦੇਸ਼ 'ਚ ਪਿਛਲੇ 60 ਸਾਲਾਂ ਵਿਚ ਇੰਨਾ ਵਿਕਾਸ ਨਹੀਂ ਹੋਇਆ, ਜਿੰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ 'ਚ ਹੋਇਆ ਹੈ। ਕੰਗਨਾ ਨੇ ਲੋਕ ਸਭਾ ਵਿਚ ਕੇਂਦਰੀ ਬਜਟ 'ਤੇ ਚਰਚਾ 'ਚ ਹਿੱਸਾ ਲੈਂਦਿਆਂ ਕਿਹਾ ਕਿ ਪਹਿਲਾਂ ਦੇਸ਼ ਦੀ ਅਰਥਵਿਵਸਥਾ ਲੜਖੜਾਉਂਦੀ ਹਾਲਤ ਵਿਚ ਸੀ ਪਰ ਪਿਛਲੇ 10 ਸਾਲਾਂ 'ਚ ਇਹ ਦੁਨੀਆ 'ਚ 11ਵੇਂ ਸਥਾਨ ਤੋਂ 5ਵੇਂ ਨੰਬਰ 'ਤੇ ਆਈ ਹੈ ਅਤੇ ਤੀਜੇ ਸਥਾਨ ਵੱਲ ਵੱਧ ਰਹੀ ਹੈ।
ਬਜਟ 'ਤੇ ਗੱਲ ਕਰਦਿਆ ਕੰਗਨਾ ਨੇ ਕਿਹਾ ਕਿ ਇਹ ਬਜਟ ਸਾਰੇ ਵਰਗਾਂ ਨੂੰ ਮਜ਼ਬੂਤ ਬਣਾਉਣ ਵਾਲਾ ਹੈ। ਕੰਗਨਾ ਨੇ ਹਾਲ ਹੀ ਵਿਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਮਗਰੋਂ ਤੀਜੀ ਵਾਰ ਸਰਕਾਰ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਕੰਗਨਾ ਨੇ ਕਿਹਾ ਕਿ ਸੂਬੇ ਵਿਚ ਪਿਛਲੇ ਸਾਲ ਆਏ ਹੜ੍ਹ ਕਾਰਨ ਵੱਡੇ ਪੱਧਰ 'ਤੇ ਜਾਨੀ-ਮਾਲੀ ਨੁਕਸਾਨ ਹੋਇਆ ਅਤੇ ਸੂਬਾ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੁਣ ਵੀ ਹਿਮਾਚਲ ਤਬਾਹੀ ਕਾਰਨ ਹੋਏ ਨੁਕਸਾਨ ਤੋਂ ਉੱਭਰ ਨਹੀਂ ਸਕਿਆ ਹੈ।
ਉਨ੍ਹਾਂ ਨੇ ਬਜਟ ਵਿਚ ਹਿਮਾਚਲ ਪ੍ਰਦੇਸ਼ 'ਚ ਹੜ੍ਹ ਰਾਹਤ ਲਈ ਵਿਸ਼ੇਸ਼ ਪੈਕੇਜ ਦੇ ਐਲਾਨ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਸਰਕਾਰ ਦਾ ਧੰਨਵਾਦ ਜਤਾਉਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿਚ ਜਿੰਨਾ ਵਿਕਾਸ ਦਾ ਕੰਮ ਕੀਤਾ ਹੈ, ਓਨਾ 60 ਸਾਲ ਵਿਚ ਵੀ ਨਹੀਂ ਹੋਇਆ। ਕੰਗਨਾ ਨੇ ਕਿਹਾ ਕਿ ਸੂਬੇ ਨੂੰ ਅਟਲ ਸੁਰੰਗ ਵਰਗੇ ਗਲੋਬਲ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਮਿਲੇ ਹਨ। 11 ਹਜ਼ਾਰ ਕਰੋੜ ਰੁਪਏ ਦੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੰਡੀ ਵਿਚ ਕੌਮਾਂਤਰੀ ਹਵਾਈ ਅੱਡਾ ਬਣਾਇਆ ਜਾਵੇ।