ਜਬਰ ਜ਼ਿਨਾਹ ਦੇ ਮਾਮਲੇ ''ਚ ਭਾਜਪਾ ਵਿਧਾਇਕ ਨੂੰ ਸੁਣਾਈ ਗਈ 25 ਸਾਲ ਕੈਦ, ਲੱਗਾ 10 ਲੱਖ ਰੁਪਏ ਜੁਰਮਾਨਾ
Friday, Dec 15, 2023 - 06:05 PM (IST)
ਸੋਨਭੱਦਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੋਨਭੱਦਰ ਦੀ ਇਕ ਸੰਸਦ ਮੈਂਬਰ-ਵਿਧਾਇਕ (ਐੱਮਪੀ/ਐੱਮਐੱਲਏ) ਅਦਾਲਤ ਨੇ ਸ਼ੁੱਕਰਵਾਰ ਨੂੰ ਦੁਧੀ ਵਿਧਾਨ ਸਭਾ ਹਲਕੇ (ਅਨੁਸੂਚਿਤ ਜਨਜਾਤੀ ਲਈ ਰਾਖਵੀਂ ਸੀਟ) ਤੋਂ ਭਾਜਪਾ ਵਿਧਾਇਕ ਰਾਮਦੁਲਾਰ ਗੋਂਡ ਨੂੰ 9 ਸਾਲ ਪਹਿਲਾਂ ਇਕ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ ਵਿਚ 25 ਸਾਲ ਦੀ ਸਖ਼ਤ ਸਜ਼ਾ ਸੁਣਾਈ। ਐੱਮਪੀ/ਐੱਮਐੱਲਏ ਅਦਾਲਤ ਦੇ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ (ਏ.ਡੀ.ਜੇ.) ਅਹਿਸਾਨ ਉੱਲਾ ਖਾਨ ਨੇ ਦੋਸ਼ੀ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ਜੋ ਪੀੜਤਾ ਦੇ ਮੁੜ ਵਸੇਬੇ ਲਈ ਵਰਤਿਆ ਜਾਵੇਗਾ। ਵਿਸ਼ੇਸ਼ ਸਰਕਾਰੀ ਵਕੀਲ (ਪੋਕਸੋ) ਸੱਤਿਆ ਪ੍ਰਕਾਸ਼ ਤ੍ਰਿਪਾਠੀ ਨੇ ਕਿਹਾ ਕਿ ਅਦਾਲਤ ਨੇ ਵਿਧਾਇਕ ਨੂੰ 12 ਦਸੰਬਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਸਜ਼ਾ ਲਈ 15 ਦਸੰਬਰ ਦੀ ਤਾਰੀਖ਼ ਤੈਅ ਕੀਤੀ ਸੀ। ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ, ਗੋਂਡ ਦੇ ਵਕੀਲ ਨੇ ਘੱਟੋ-ਘੱਟ ਸਜ਼ਾ ਦੀ ਬੇਨਤੀ ਕੀਤੀ ਅਤੇ ਅਦਾਲਤ ਨੂੰ ਇਹ ਵੀ ਭਰੋਸਾ ਦਿੱਤਾ ਕਿ ਜਬਰ ਜ਼ਿਨਾਹ ਪੀੜਤਾ ਦੇ ਪਰਿਵਾਰ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਗੋਂਡ ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਦੇ ਦੁਧੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਹਨ। ਤ੍ਰਿਪਾਠੀ ਨੇ ਕਿਹਾ ਕਿ ਇਹ ਘਟਨਾ 4 ਨਵੰਬਰ 2014 ਨੂੰ ਵਾਪਰੀ ਸੀ, ਜਿਸ ਵਿਚ ਵਿਧਾਇਕ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376 (ਬਲਾਤਕਾਰ), 506 (ਅਪਰਾਧਿਕ ਧਮਕੀ ਦੇਣ ਦੀ ਸਜ਼ਾ) ਅਤੇ ਜਿਨਸੀ ਅਪਰਾਧ ਸੁਰੱਖਿਆ ਐਕਟ (ਪੋਕਸੋ) ਦੇ ਪ੍ਰਬੰਧਾਂ ਦੇ ਅਧੀਨ ਮੁਕੱਦਮਾ ਦਰਜ ਹੋਇਆ ਸੀ। ਘਟਨਾ ਸਮੇਂ ਵਿਧਾਇਕ ਦੀ ਪਤਨੀ ਪਿੰਡ ਦੀ ਮੁਖੀ ਸੀ। ਇਸ ਮਾਮਲੇ 'ਚ ਰਾਮਦੁਲਾਰ ਗੋਂਡ 'ਤੇ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਕਰਨ ਦਾ ਦੋਸ਼ ਸੀ। ਥਾਣਾ ਮੌੜਪੁਰ ਦੀ ਪੁਲਸ ਨੇ ਪੀੜਤ ਕੁੜੀ ਦੇ ਭਰਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਗੋਂਡ ਉਸ ਸਮੇਂ ਵਿਧਾਇਕ ਨਹੀਂ ਸਨ ਅਤੇ ਪੋਕਸੋ ਅਦਾਲਤ ਵਿਚ ਕੇਸ ਦੀ ਸੁਣਵਾਈ ਚੱਲ ਰਹੀ ਸੀ। ਗੋਂਡ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ, ਕੇਸ ਦੀ ਸੁਣਵਾਈ ਐੱਮਪੀ/ਐੱਮਐੱਲਏ ਅਦਾਲਤ ਵਿਚ ਤਬਦੀਲ ਕਰ ਦਿੱਤੀ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8